ਅੰਮ੍ਰਿਤਸਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਸ਼ਹਿਰ ਦੀ ਨਗਰ ਨਿਗਮ ਦੇ ਪਹਿਲੀ ਵਾਰ ਕਰਵਾਏ ਗਏ ‘ਥਰਡ ਪਾਰਟੀ ਆਡਿਟ’ (ਤੀਜੀ ਧਿਰ ਵੱਲੋਂ ਆਡਿਟ) ਦੌਰਾਨ ਜਨਤਕ ਪੈਸੇ ਦੀ ਵੱਡੀ ਲੁੱਟ ਹੋਣ ਦਾ ਖ਼ੁਲਾਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਅਗਲੀ ਕਾਰਵਾਈ ਲਈ ਹੁਣ ਮੁੱਖ ਮੰਤਰੀ ਨੂੰ ਸੌਂਪੀ ਜਾਵੇਗੀ।
ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਵਿੱਚ ਸੌ ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵਿੱਚ ਪਹਿਲਾਂ ਹੀ 65 ਕਰੋੜ ਰੁਪਏ ਦਾ ਘਪਲਾ ਸਾਹਮਣੇ ਆ ਚੁੱਕਾ ਹੈ ਤੇ ਕਈ ਅਧਿਕਾਰੀ ਮੁਅੱਤਲ ਕੀਤੇ ਜਾ ਚੁੱਕੇ ਹਨ। ਸ੍ਰੀ ਸਿੱਧੂ ਨਾਲ ਇਸ ਮੌਕੇ ਆਡਿਟ ਕਰਨ ਵਾਲੀ ਟੀਮ ਦੇ ਮੈਂਬਰ ਅਤੇ ਮੁੱਖ ਵਿਜੀਲੈਂਸ ਅਧਿਕਾਰੀ ਵੀ ਹਾਜ਼ਰ ਸਨ। ਇਹ ਆਡਿਟ 2013 ਤੋਂ 2017 ਤੱਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘੁਟਾਲੇ ’ਚ ਨਗਰ ਨਿਗਮ ਦੇ ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ ਦੀ ਰਕਮ, ਬੈਂਕ ਖਾਤਿਆਂ ਵਿੱਚ ਘਾਲਾ-ਮਾਲਾ, ਪ੍ਰਾਪਰਟੀ ਟੈਕਸ ਵਸੂਲਣ ਦੇ ਬਾਵਜੂਦ ਜਮ੍ਹਾਂ ਨਾ ਹੋਣ, ਲੀਜ਼ ’ਤੇ ਦਿੱਤੀਆਂ ਜਾਇਦਾਦਾਂ ਦਾ ਘਪਲਾ ਤੇ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਕਮਾਈ ਸਬੰਧੀ ਘਪਲੇ ਸ਼ਾਮਲ ਹਨ। ਆਡਿਟ ਮਾਹਿਰਾਂ ਮੁਤਾਬਕ ਸਰਕਾਰੀ ਨੀਤੀ ਤਹਿਤ ਲੈਣ-ਦੇਣ ਕਰਨ ਲਈ ਖ਼ਾਤਿਆਂ ਵਿੱਚ ਦੋਹਰਾ ਇੰਦਰਾਜ (ਡਬਲ ਐਂਟਰੀ ਸਿਸਟਮ) ਹੋਣਾ ਜ਼ਰੂਰੀ ਹੈ, ਪਰ ਇੱਥੇ ਨਗਰ ਨਿਗਮ ਦੇ ਕੰਮ ਵਿੱਚ ਸਿਰਫ਼ ਸਿੰਗਲ ਐਂਟਰੀ ਸਿਸਟਮ ਹੀ ਕੀਤਾ ਹੋਇਆ ਸੀ, ਜਿਸ ਨਾਲ ਆਮਦਨ ਅਤੇ ਖ਼ਰਚ ਦਾ ਸਹੀ ਹਿਸਾਬ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਈ ਵਰ੍ਹਿਆਂ ਤੋਂ ਕੈਸ਼ਬੁੱਕਸ ਭਰੀਆਂ ਹੀ ਨਹੀਂ ਗਈਆਂ ਅਤੇ ਨਾ ਹੀ ਵਿਭਾਗ ਮੁਖੀਆਂ ਵਲੋਂ ਇਨ੍ਹਾਂ ’ਤੇ ਦਸਤਖ਼ਤ ਕੀਤੇ ਗਏ ਹਨ। ਇਸ ਤੋਂ ਇਲਾਵਾ ਨਗਰ ਨਿਗਮ ਦੇ ਨੇਮਾਂ ਮੁਤਾਬਕ ਤਿੰਨ ਬੈਂਕ ਖ਼ਾਤੇ ਹੀ ਹੋ ਸਕਦੇ ਹਨ ਪਰ ਨਗਰ ਸੁਧਾਰ ਟਰਸੱਟ ਦੇ 71 ਬੈਂਕ ਖਾਤੇ ਅਤੇ ਨਗਰ ਨਿਗਮ ਵਿੱਚ 51 ਬੈਂਕ ਖ਼ਾਤੇ ਮਿਲੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਕਰਮਚਾਰੀਆਂ ਨੇ ਪ੍ਰਾਪਰਟੀ ਟੈਕਸ ਦੇ ਨਾਂ ’ਤੇ ਲੋਕਾਂ ਕੋਲੋਂ ਪੈਸੇ ਤਾਂ ਵਸੂਲੇ ਪਰ ਉਹ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਨਹੀਂ ਹੋਏ। ਨਗਰ ਨਿਗਮ ਹੁਣ ਤੱਕ ਆਪਣੀਆਂ ਜਾਇਦਾਦਾਂ ਦੀ ਸੂਚੀ ਵੀ ਆਡਿਟ ਟੀਮ ਨੂੰ ਨਹੀਂ ਦੇ ਸਕਿਆ ਹੈ।