ਚੰਡੀਗੜ੍ਹ, 12 ਮਈ
ਅੰਮ੍ਰਿਤਸਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਸਿਰਫ਼ ਤਿੰਨ ਬੰਬ ਹੀ ਨਹੀਂ ਸੀ ਸੁੱਟੇ ਗਏ, ਬਲਕਿ ਉਨ੍ਹਾਂ ਨੇ ਬੰਬਾਂ ਨਾਲ ਪੱਤਰ ਵੀ ਸੁੱਟੇ ਸਨ। ਜਿਨ੍ਹਾਂ ਵਿੱਚ ਉਨ੍ਹਾਂ ਨੇ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਜ਼ਾਹਿਰ ਕੀਤੇ ਸਨ। ਪੁਲੀਸ ਸੂਤਰਾਂ ਅਨੁਸਾਰ ਪਹਿਲੇ ਦੋ ਬੰਬਾਂ ਨਾਲ ਸੁੱਟੇ ਪੱਤਰ ਪੂਰੀ ਤਰ੍ਹਾਂ ਸੜ ਗਏ ਸਨ ਤੇ ਉਨ੍ਹਾਂ ਦੇ ਬਚੇ ਟੁੱਕੜੇ ਹਵਾ ਵਿੱਚ ਉੱਡ ਗਏ। ਇਸ ਮਗਰੋਂ ਕੱਲ੍ਹ ਦੇਰ ਰਾਤ ਤੀਜੇ ਬੰਬ ਨਾਲ ਸੁੱਟੇ ਗਏ ਪੱਤਰਾਂ ਦੇ ਕੁਝ ਟੁੱਕੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਗੁਰੂ ਰਾਮ ਦਾਸ ਸਰਾਂ ਦੇ ਪਾਰਕ ਵਿੱਚੋਂ ਇਕੱਠੇ ਕੀਤੇ ਹਨ। ਇਨ੍ਹਾਂ ਵਿੱਚ ਮੁਲਜ਼ਮਾਂ ਨੇ ਲੜੀਵਾਰ ਧਮਾਕੇ ਕਰਨ ਪਿਛਲੇ ਆਪਣੇ ਇਰਾਦੇ ਦੱਸੇ ਸਨ। ਅਧਿਕਾਰੀਆਂ ਅਨੁਸਾਰ ਮੁਲਜ਼ਮ ਅਜ਼ਾਦਵੀਰ ਨੇ ਬੰਬ ਨਾਲ ਸੁੱਟੇ ਗਏ ਪੱਤਰ ਪੰਜਾਬੀ ਵਿੱਚ ਲਿਖੇ ਸਨ। ਪੱਤਰਾਂ ਮੁਤਾਬਿਕ ਮੁਲਜ਼ਮ ਉਸ ਬਿਆਨ ਤੋਂ ਪ੍ਰੇਸ਼ਾਨ ਸਨ, ਜਿਸ ਵਿੱਚ ਕਿਹਾ ਗਿਆ ਸੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਹ ਬਿਆਨ ਉਸ ਵੇਲੇ ਸਾਹਮਣੇ ਆਏ ਸਨ ਜਦੋਂ ਇਕ ਲੜਕੀ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੂੰਹ ’ਤੇ ਕੌਮੀ ਝੰਡਾ ਬਣਾਉਣ ਕਾਰਨ ਉਸ ਨੂੰ ਦਰਬਾਰ ਸਾਹਿਬ ਵਿੱਚ ਜਾਣ ਤੋਂ ਰੋਕਿਆ ਗਿਆ। ਇਸ ਤੋਂ ਇਲਾਵਾ ਪੁਲੀਸ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੀਤੀ ਕਾਰਵਾਈ ਨੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਸੀ। ਉਨ੍ਹਾਂ ਲਿਖਿਆ ਕਿ ਉਹ ਕੇਸ ਕਟਵਾਉਣ ਦੇ ਖ਼ਿਲਾਫ਼ ਹਨ ਅਤੇ ਵਾਲਾਂ ਨੂੰ ਕੈਂਚੀ ਲਗਵਾਉਣਾ ਗ਼ਲਤ ਹੈ। ਉਹ ਅੰਮ੍ਰਿਤਸਰ ਵਿੱਚ ਆਸਾਨੀ ਨਾਲ ਵਿਕ ਰਹੇ ਤੰਬਾਕੂ ਕਾਰਨ ਵੀ ਪ੍ਰੇਸ਼ਾਨ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰੇ ਮੁਲਜ਼ਮ ਕੁਝ ਸਮਾਂ ਪਹਿਲਾਂ ਕੱਟੜਵਾਦ ਵੱਲ ਆਏ ਲੱਗਦੇ ਹਨ ਕਿਉਂਕਿ ਇਨ੍ਹਾਂ ਖ਼ਿਲਾਫ ਕੋਈ ਵੀ ਗੰਭੀਰ ਅਪਰਾਧਕ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਪੱਤਰਾਂ ਦੇ ਸਾਰੇ ਟੁੱਕੜੇ ਨਹੀਂ ਮਿਲ ਸਕੇ ਤੇ ਜੋ ਹਿੱਸੇ ਮਿਲੇ ਹਨ ਉਨ੍ਹਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਇਸ ਵਿੱਚ ਕਿਸ ਨੂੰ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਮਨਸ਼ਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਲੱਗ ਰਹੀ ਕਿਉਂਕਿ ਉਨ੍ਹਾਂ ਸਾਰੇ ਬੰਬ ਖਾਲੀ ਥਾਵਾਂ ’ਤੇ ਸੁੱਟੇ ਹੀ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਕਿਸੇ ਜਥੇਬੰਦੀ ਨਾਲ ਸਬੰਧਤ ਹੋਣ ਦੀ ਗੱਲ ਨਹੀਂ ਮੰਨੀ।