ਚੰਡੀਗੜ੍ਹ, ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਚੰਡੀਗੜ੍ਹ ਗੌਲਫ ਕਲੱਬ ਨੂੰ ਐਮਪੀ ਲੈਡ ਫੰਡ ਵਿੱਚੋਂ 20 ਲੱਖ ਰੁਪਏ ਦੀ ਗਰਾਂਟ ਦੇਣ ਦੇ ਮਾਮਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀ ਧਿਰ ਅਕਾਲੀ-ਭਾਜਪਾ ਨੇ ਉਨ੍ਹਾਂ ਉੱਤੇ ਲੋਕ-ਪੱਖੀ ਵਿਕਾਸ ਕਾਰਜਾਂ ਲਈ ਆਈ ਗਰਾਂਟ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।

ਦੂਜੇ ਪਾਸੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਸ੍ਰੀ ਔਜਲਾ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਨੂੰ 25 ਲੱਖ ਰੁਪਏ ਤੱਕ ਦੀ ਗਰਾਂਟ ਆਪਣੇ ਹਲਕੇ ਤੋਂ ਬਾਹਰ ਦੇਣ ਦਾ ਅਧਿਕਾਰ ਹੈ ਅਤੇ ਡਿਪਟੀ ਕਮਿਸ਼ਨਰ ਨੇ ਵੀ ਇਹ ਸਾਫ਼ ਕੀਤਾ ਹੈ ਕਿ ਗਰਾਂਟ ਨਿਯਮਾਂ ਅਨੁਸਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਵੱਡੀ ਗਿਣਤੀ ਸੇਵਾਮੁਕਤ ਅਧਿਕਾਰੀ, ਜਿਨ੍ਹਾਂ ਵਿੱਚੋਂ ਕਈਆਂ ਨੇ ਦੇਸ਼ ਦੀ ਰੱਖਿਆ ਲਈ ਜੰਗਾਂ ਵੀ ਲੜੀਆਂ ਹਨ, ਚੰਡੀਗੜ੍ਹ ਗੌਲਫ ਕਲੱਬ ਦੇ ਮੈਂਬਰ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅੰਮ੍ਰਿਤਸਰ ਦਾ ਸੰਸਦ ਮੈਂਬਰ ਆਪਣੇ ਹਲਕੇ ਤੋਂ ਬਾਹਰ ਦੇ ਵਿਕਾਸ ਕਾਰਜਾਂ ਦੇ ਲਈ ਫੰਡ ਨਹੀਂ ਦੇ ਸਕਦਾ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਨੇ ਆਪਣੇ ਹਲਕੇ ਦੇ ਲੋਕ ਹਿਤਾਂ ਨੂੰ ਵਿਸਾਰ ਕੇ ਗੌਲਫ ਕਲੱਬ ਦੇ ਲਈ ਰਕਮ ਕਿਉਂ ਦਿੱਤੀ ਹੈ। ਸ੍ਰੀ ਔਜਲਾ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਸਾਬਤ ਕਰ ਕੇ ਦਿਖਾਉਣ ਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਕਲੱਬ ਤੋਂ ਕੋਈ ਲਾਭ ਹਾਸਲ ਕੀਤਾ ਹੈ। ਪੈਸੇ ਦੀ ਸਹੀ ਵਰਤੋਂ ਕਰਨੀ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਬਣਦੀ ਹੈ।