ਲੰਬੀ, 16 ਮਈ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਇਖ਼ਲਾਕੀ ਫਰਜ਼ ਭੁੱਲ ਕੇ ਅੰਦਰੂਨੀ ਬਗਾਵਤ ਵੱਲ ਵਧ ਰਹੀ ਹੈ ਅਤੇ ਸੂਬੇ ਵਿੱਚ ਜਨਤਾ ਗਰੀਬੀ ਤੇ ਲਾਚਾਰੀ ਵਿੱਚ ਮੌਤ ਦੇ ਸਾਏ ਹੇਠ ਜੀਅ ਰਹੀ ਹੈ।
ਅੱਜ ਮੰਡੀ ਕਿੱਲਿਆਂਵਾਲੀ ’ਚ ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਸਾਰੇ ਮੰਤਰੀ ਰੇਤ ਖੱਡਾਂ ਸਬੰਧੀ ਨੀਤੀ ’ਤੇ ਪਾਟੋਧਾੜ ਹੀ ਨਹੀਂ ਹੋ ਚੁੱਕੇ ਹਨ ਬਲਕਿ ਇਸ ਦੇ ਵਿਧਾਇਕ ਵੀ ਮੁੱਖ ਮੰਤਰੀ ਦੇ ਰਵੱਈਏ ਤੋਂ ਬੇਹੱਦ ਔਖੇ ਹਨ। ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਅਸਤੀਫ਼ੇ ਦੇ ਕੇ ਅੰਦਰਲੀ ਫੁੱਟ ਜੱਗ ਜ਼ਾਹਿਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਸੀ ਕਲੇਸ਼ਾਂ ਨੂੰ ਨਿਬੇੜ ਕੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਸ੍ਰੀ ਬਾਦਲ ਨੇ ਆਖਿਆ ਕਿ ਖੇਤਰ ਵਿੱਚ ਵੱਖ ਵੱਖ ਪਰਿਵਾਰਾਂ ਦੇ ਦੁੱਖਾਂ ’ਚ ਸ਼ਾਮਲ ਹੋਣ ’ਤੇ ਖੁਲਾਸਾ ਹੋਇਆ ਹੈ ਕਿ ਲੋਕਾਂ ਕੋਲ ਨਾ ਜ਼ਿੰਦਗੀ ਜਿਉਣ ਦੇ ਅਸਲ ਸਾਧਨ ਹਨ ਅਤੇ ਨਾ ਕੈਂਸਰ ਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਪੈਸੇ। ਉਨ੍ਹਾਂ ਕੈਂਸਰ ਨਾਲ ਜ਼ਿੰਦਗੀ ਤੋਂ ਹੱਥ ਧੋਣ ਵਾਲੇ ਸ਼ਾਮੂ ਵਾਸੀ ਮੰਡੀ ਕਿੱਲਿਆਂਵਾਲੀ ਦਾ ਜ਼ਿਕਰ ਕਰਦਿਆਂ ਉਸ ਦੇ ਪਿੱਛੇ ਪਰਿਵਾਰ ’ਚ ਦੋ ਛੋਟੇ ਬੱਚੇ ਅਤੇ ਪਤਨੀ ਹੈ, ਜਿਨ੍ਹਾਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ।
ਸ੍ਰੀ ਬਾਦਲ ਨੇ ਆਖਿਆ ਕਿ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਰੁਜ਼ਗਾਰ, ਸਿਹਤ ਸਹੂਲਤਾਂ ਅਤੇ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਪੱਕੇ ਤੌਰ ’ਤੇ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਨੇ ਅਕਾਲੀ ਸਰਕਾਰ ਵੱਲੋਂ ਖੋਲ੍ਹੇ ਮੈਰੀਟੋਰੀਅਸ ਸਕੂਲ ਨੂੰ ਸਾਧਾਰਨ ਸਕੂਲਾਂ ਵਿੱਚ ਤਬਦੀਲ ਕਰਕੇ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਅਗਾਂਹ ਵਧਣ ਦੇ ਮੌਕੇ ਮੁਕਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਹਿੱਤੀ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਕਰਨਾਟਕ ਵਿੱਚ ਭਾਜਪਾ ਨੂੰ ਸ਼ਾਨਦਾਰ ਸੀਟਾਂ ਮਿਲਣ ਨੂੰ 2019 ਲਈ ਚੰਗਾ ਸੰਕੇਤ ਦੱਸਿਆ।
ਇਸ ਮੌਕੇ ਤੇਜਿੰਦਰ ਸਿੰਘ ਮਿੱਡੂਖੇੜਾ, ਓਐੱਸਡੀ ਬਲਕਰਨ ਸਿੰਘ, ਭੁਪਿੰਦਰ ਮਿੱਡੂਖੇੜਾ, ਸਤੀਸ਼ ਕਾਲਾ, ਭੁਪਿੰਦਰ ਭਾਟੀ, ਅਕਾਸ਼ਦੀਪ ਕੁਲਾਰ, ਮਹੇਸ਼ ਗੱਗੀ ਬਾਂਸਲ, ਸਰਪੰਚ ਸੰਤਾ ਸਿੰਘ, ਅਜੈ ਕੁਮਾਰ, ਨਿਸ਼ਾਨ ਸਿੰਘ ਬੰਟੀ, ਰਮੇਸ਼ ਕੁਮਾਰ, ਮਨਜੀਤ ਸਿੰਘ ਲਾਲਬਾਈ, ਰਣਯੋਧ ਲੰਬੀ, ਜਸਕਰਨ ਭਾਟੀ, ਸੁਰਿੰਦਰ ਕੁਮਾਰ ਸਾਬਕਾ ਪੰਚ ਅਤੇ ਰਮੇਸ਼ ਕੁਮਾਰ ਸਮੇਤ ਹੋਰ ਲੋਕ ਮੌਜੂਦ ਸਨ।