ਚੰਡੀਗੜ੍ਹ, 16 ਮਈ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਕਾਂਗਰਸੀ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਆਬਕਾਰੀ ਮਾਲੀਆ ‘ਚ 600 ਕਰੋੜ ਰੁਪਏ ਦੇ ਘਾਟੇ ਲਈ ਜਿੰਨਾ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਉਹ ਆਪਣੇ ਦੋਸ਼ ਸਾਬਤ ਕਰਨ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਉਨ੍ਹਾਂ ਅਫ਼ਸਰਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ, ”ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਰਾਜਾ ਵੜਿੰਗ ਸਮੇਤ ਜਿੰਨਾ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਆਬਕਾਰੀ ਘਾਟੇ ਲਈ ਮੁੱਖ ਸਕੱਤਰ ਸਮੇਤ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਸੀ, ਉਹ ਦੋਸ਼ ਸਾਬਤ ਕਰਨ ਜਾਂ ਫਿਰ ਪੰਜਾਬ ਦੇ ਲੋਕਾਂ ਅਤੇ ਸੰਬੰਧਿਤ ਅਫ਼ਸਰਸ਼ਾਹੀ ਕੋਲੋਂ ਮੁਆਫ਼ੀ ਮੰਗਣ।”
ਅਮਨ ਅਰੋੜਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸੀ ਪੰਜਾਬ ਦੇ ਲੋਕਾਂ ਨੂੰ ਭੰਬਲ ਭੂਸਿਆ ‘ਚ ਪਾ ਕੇ ਅਸਲੀ ਮੁੱਦਿਆਂ ਅਤੇ ਮਾਫ਼ੀਆ ਰਾਜ ਦੀ ਅੰਨ੍ਹੀ ਲੁੱਟ ਤੋਂ ਧਿਆਨ ਭਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਆਬਕਾਰੀ ਮਹਿਕਮੇ ‘ਚ ਹੀ ਘੱਟੋ-ਘੱਟ 7000 ਕਰੋੜ ਰੁਪਏ ਦੇ ਸਾਲਾਨਾ ਘਾਟੇ ਲਈ ਲੰਮੇ ਸਮੇਂ ਤੋਂ ਮਾਫ਼ੀਆ ਰਾਜ ਨੂੰ ਜ਼ਿੰਮੇਵਾਰ ਠਹਿਰਾਉਂਦੀ ਆ ਰਹੀ ਹੈ, ਜਿਸ ਨੂੰ ਪਹਿਲਾਂ ਬਾਦਲ ਪਰਿਵਾਰ ਦੀ ਪੁਸ਼ਤ ਪਨਾਹੀ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪੁਸ਼ਤ ਪਨਾਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਵੱਡੇ ਵੱਡੇ ਦੋਸ਼ ਲਗਾਉਣ ਵਾਲੇ ਕਾਂਗਰਸੀ ਮੰਤਰੀ ਤੇ ਅਖੌਤੀ ਸਲਾਹਕਾਰ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਹੋ ਸਪਸ਼ਟੀਕਰਨ ਲੈ ਲੈਣ ਕਿ ਜੇਕਰ ਆਬਕਾਰੀ ਘਾਟੇ ਲਈ ਅਫ਼ਸਰਸ਼ਾਹੀ ਜ਼ਿੰਮੇਵਾਰ ਨਹੀਂ ਹੈ ਤਾਂ ਫਿਰ ਕੌਣ ਹੈ?