ਪਟਿਆਲਾ, 18 ਜਨਵਰੀ
ਬਿਜਲੀ ਮੰਤਰੀ ਰਾਣਾ ਗੁਰਜੀਤ ਨੇ ਅਸਤੀਫ਼ਾ ਦੇਣ ਦੇ ਬਾਵਜੂਦ ਅੱਜ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ। ਅੱਜ ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੰਤਰੀ ਦਰਮਿਆਨ ਥਰਮਲ ਬੰਦੀ ਬਾਰੇ ਵੀ ਮੀਟਿੰਗ ਹੋਈ, ਜੋ ਬੇਸਿੱਟਾ ਰਹੀ| ਇਸ ਮਗਰੋਂ ਜਥੇਬੰਦੀ ਨੇ ਐਲਾਨ ਕੀਤਾ ਕਿ 18 ਜਨਵਰੀ ਨੂੰ ਰਾਣਾ ਗੁਰਜੀਤ ਦੀ ਕਪੂਰਥਲਾ ਸਥਿਤ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ|
ਅੱਜ ਚੰਡੀਗੜ੍ਹ ਵਿੱਚ ਹੋਈ ਮੀਟਿੰਗ ’ਚ ਬਿਜਲੀ ਮੰਤਰੀ ਰਾਣਾ ਗੁਰਜੀਤ ਤੋਂ ਇਲਾਵਾ ਪਾਵਰ ਮੈਨੇਜਮੈਂਟ ਵੱਲੋਂ ਸੀਐਮਡੀ ਏ.ਵੇਣੂ ਪ੍ਰਸਾਦ, ਡਾਇਰੈਕਟਰ (ਵਿੱਤ) ਐੱਚ. ਸੀ. ਅਰੋੜਾ, ਡਾਇਰੈਕਟਰ (ਪ੍ਰਬੰਧਕੀ) ਆਰ.ਪੀ.ਪਾਂਡਵ, ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ ਵੀ. ਕੇ. ਗਰਗ ਤੇ ਡਿਪਟੀ ਸਕੱਤਰ (ਆਈ.ਆਰ.) ਬੀ. ਐੱਸ. ਗੁਰਮ ਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐੱਸ. ਸੇਖੋਂ, ਹਰਭਜਨ ਸਿੰਘ, ਸੁਖਦੇਵ ਸਿੰਘ ਰੋਪੜ, ਪ੍ਰਕਾਸ਼ ਸਿੰਘ ਮਾਨ ਆਦਿ ਸ਼ਾਮਲ ਹੋਏ| ਇਨ੍ਹਾਂ ਆਗੂਆਂ ਨੇ ਦੱਸਿਆ ਕਿ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ ਤੇ ਜੁਆਇੰਟ ਫੋਰਮ ਦੇ ਆਗੂਆਂ ਨੇ ਬਠਿੰਡਾ ਥਰਮਲ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਬੰਦ ਕਰਨ ਦਾ ਸਖ਼ਤ ਵਿਰੋਧ ਕੀਤਾ| ਉਨ੍ਹਾਂ ਬਿਜਲੀ ਮੰਤਰੀ ਨੂੰ ਦੱਸਿਆ ਕਿ ਕੇਂਦਰੀ ਬਿਜਲੀ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਉਲਟ ਕਾਹਲੀ ਵਿੱਚ ਬਠਿੰਡਾ ਥਰਮਲ ਬੰਦ ਕੀਤਾ ਗਿਆ ਹੈ, ਜਦੋਂਕਿ ਇਸ ਦੇ ਨਵੀਨੀਕਰਨ ’ਤੇ ਦੋਹਾਂ ਪੜਾਵਾਂ ’ਤੇ 715 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਨਵੀਨੀਕਰਨ ਤੋਂ ਬਾਅਦ ਇਸ ਪਲਾਟ ਦੇ ਯੂਨਿਟਾਂ ਦੀ ਮਿਆਦ ਵੀ 2029 ਤੱਕ ਵਧ ਚੁੱਕੀ ਹੈ| ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਨਿੱਜੀ ਥਰਮਲ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਹੈ| ਸਰਕਾਰੀ ਥਰਮਲ ਪਲਾਂਟ ਬੰਦ ਹੋਣ ਨਾਲ ਪ੍ਰਾਈਵੇਟ ਥਰਮਲਾਂ ਦਾ ਏਕਾਧਿਕਾਰ ਹੋਵੇਗਾ, ਜੋ ਖ਼ਪਤਕਾਰਾਂ ਨੂੰ ਮਹਿੰਗੀ ਬਿਜਲੀ ਦੇਣਗੇ| ਉਨ੍ਹਾਂ ਮੰਗ ਕੀਤੀ ਕਿ ਥਰਮਲ ਬੰਦ ਦੇ ਫ਼ੈਸਲੇ ’ਤੇ ਨਜ਼ਰਸਾਨੀ ਕੀਤੀ ਜਾਵੇ| ਇਸ ਤੋਂ ਇਲਾਵਾ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਲਗਾਏ ਜਾਣ ਤੇ ਥਰਮਲਾਂ ਦੇ ਘਾਟੇ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ, ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਦਾ ਰੀਵਿਊ ਕੀਤਾ ਜਾਵੇ ਤੇ ਜੁਆਇੰਟ ਫੋਰਮ ਨਾਲ ਕੀਤੇ ਸਮਝੌਤੇ ਲਾਗੂ ਕੀਤੇ ਜਾਣ|
ਬਿਜਲੀ ਮੰਤਰੀ ਨੇ ਥਰਮਲ ਬੰਦੀ ਦੇ ਫ਼ੈਸਲੇ ਨੂੰ ਦਰੁਸਤ ਦੱਸਿਆ ਤੇ ਫ਼ੈਸਲੇ ’ਤੇ ਨਜ਼ਰਸਾਨੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਧਰ, ਜੁਆਇੰਟ ਫੋਰਮ ਦੇ ਆਗੂਆਂ ਨੇ ਕਿਹਾ ਕਿ ਬੰਦ ਕੀਤੇ ਥਰਮਲ ਪਲਾਟ ਦੇ ਯੂਨਿਟ ਚਾਲੂ ਰੱਖਣ ਤੱਕ ਸੰਘਰਸ਼ ਜਾਰੀ ਰਹੇਗਾ| ਇਸ ਮੌਕੇ ਸਾਥੀ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ 18 ਜਨਵਰੀ ਨੂੰ ਬਿਜਲੀ ਮੰਤਰੀ ਦੀ ਕੋਠੀ ਅੱਗੇ ਕਪੂਰਥਲਾ ਵਿੱਚ ਰੋਸ ਧਰਨਾ ਦਿੱਤਾ ਜਾਵੇਗਾ| 25 ਜਨਵਰੀ ਤੋਂ 6 ਫਰਵਰੀ ਤੱਕ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ 7 ਫਰਵਰੀ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਸੂਬਾ ਪੱਧਰੀ ਧਰਨਾ ਦੇਣ ਮਗਰੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਜਾਵੇਗਾ|