ਨਾਨਜਿੰਗ : ਭਾਰਤ ਦੇ ਸਾਤਵਿਕਰਾਜ ਰੈਂਕੀ ਰੈੱਡੀ ਅਤੇ ਅਸ਼ਵਨੀ ਪੋਨੱਪਾ ਦੀ ਮਿਕਸਡ ਡਬਲ ਜੋੜੀ ਨੇ ਅੱਜ ਗੋਹ ਸੂਨ ਹੁਆਤ ਅਤੇ ਸ਼ੇਵੋਨ ਜੇਮੀ ਲਾਈ ਦੀ ਮਲੇਸ਼ੀਆਈ ਜੋੜੀ ‘ਤੇ ਸ਼ਾਨਦਾਰ ਜਿੱਤ ਦੀ ਬਦੌਲਤ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ-ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਰਾਸ਼ਟਰਮੰਡਲ ਖੇਡਾਂ ‘ਚ ਇਤਿਹਾਸਕ ਮਿਕਸਡ ਟੀਮ ‘ਚ ਸੋਨ ਜਿੱਤਣ ਕਰਨ ਵਾਲੀ ਸਾਤਵਿਕਰਾਜ ਅਤੇ ਅਸ਼ਵਨੀ ਦੀ ਜੋੜੀ ਨੇ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਨੂੰ 59 ਮਿੰਟ ਤੱਕ ਚੱਲੇ ਮੁਕਾਬਲੇ ‘ਚ 20-22, 21-14, 21-16 ਨਾਲ ਮਾਤ ਦਿੱਤੀ।
ਅਸ਼ਵਨੀ ਨੇ ਪੱਤਰਕਾਰਾਂ ਨੂੰ ਕਿਹਾ, ” ਪਹਿਲੇ ਸੈੱਟ ‘ਚ ਅਸੀਂ ਕਾਫੀ ਗਲਤੀਆਂ ਕੀਤੀਆਂ ਪਰ ਦੂਜੇ ਸੈੱਟ ‘ਚ ਅਸੀਂ ਆਪਣੀ ਰਣਨੀਤੀ ਬਾਰੇ ਕਾਫੀ ਯਕੀਨੀ ਸੀ। ਹੁਣ ਕੱਲ ਦੁਨੀਆ ਦੀ 40ਵੇਂ ਨੰਬਰ ਦੀ ਭਾਰਤੀ ਜੋੜੀ ਦਾ ਸਾਹਮਣਾ ਝੇਂਗ ਸਿਵੇਈ ਅਤੇ ਹੁਆਂਗ ਯਾਕਿਯੋਂਗ ਦੀ ਚੀਨ ਦੀ ਨੰਬਰ ਇਕ ਅਤੇ ਸਿਖਰ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਪਹਿਲੇ ਸੈੱਟ ‘ਚ ਮਲੇਸ਼ੀਆਈ ਜੋੜੀ ਨੇ ਬ੍ਰੇਕ ਤੱਕ 11-8 ਨਾਲ ਬੜ੍ਹਤ ਬਣਾ ਲਈ ਸੀ ਪਰ ਭਾਰਤੀ ਜੋੜੀ ਨੇ ਇਸ ਨੂੰ ਜਲਦੀ ਹੀ 14-14 ਦੀ ਬਰਾਬਰੀ ‘ਤੇ ਲਿਆ ਦਿੱਤਾ ਅਤੇ ਇਕ ਸਮੇਂ 18-16 ਨਾਲ ਬੜ੍ਹਤ ਵੀ ਬਣਾ ਕੇ ਰੱਖੀ ਪਰ ਵਿਰੋਧੀ ਟੀਮ ਨੇ ਦਮ ਰੱਖਦੇ ਹੋਏ ਇਸ ਸੈੱਟ ਨੂੰ ਆਪਣੇ ਨਾਂ ਕਰ ਲਿਆ।
ਦੂਜੇ ਸੈੱਟ ‘ਚ ਗੋਹ ਅਤੇ ਸ਼ੇਵੋਨ ਨੇ 5-2 ਨਾਲ ਬੜ੍ਹਤ ਬਣਾਈ, ਪਰ ਅਸ਼ਵਨੀ ਅਤੇ ਸਾਤਵਿਕ 9-9 ਦੀ ਬਰਾਬਰੀ ‘ਤੇ ਆ ਗਏ ਅਤੇ ਫਿਰ ਆਸਾਨੀ ਨਾਲ ਸੈੱਟ ਜਿੱਤ ਕੇ 1-1 ਨਾਲ ਬਰਾਬਰ ਹੋ ਗਏ। ਆਖਰੀ ਸੈੱਟ ‘ਚ ਭਾਰਤੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹਮਲਾਵਰ ਖੇਡ ਦਿਖਾਉਂਦੇ ਹੋਏ ਬ੍ਰੇਕ ਤੱਕ 11-4 ਦੀ ਬੜ੍ਹਤ ਬਣਾ ਕੇ ਰੱਖੀ ਸੀ। ਉਨ੍ਹਾਂ ਨੇ ਇਹੀ ਲੈਅ ਜਾਰੀ ਰੱਖਦੇ ਹੋਏ ਮੈਚ ਆਪਣੇ ਨਾਂ ਕਰ ਲਿਆ।