ਜਲੰਧਰ,
ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਭ੍ਰਿਸ਼ਟਾਚਾਰ ਅਤੇ ਭਰਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਫੜੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਵੱਲੋਂ ਆਪਣੇ ਜਮਾਤੀ ਪ੍ਰਵੀਨ ਕੁਮਾਰ ਦੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਪੈਸਾ ਪਾਣੀ ਵਾਂਗ ਰੋੜ੍ਹੇ ਜਾਣ ਦੇ ਪੱਖ ਤੋਂ ਪੜਤਾਲ ’ਤੇ ਧਿਆਨ ਕੇਂਦਰਿਤ ਕਰ ਦਿੱਤਾ ਹੈ।
ਪ੍ਰਵੀਨ ਕੁਮਾਰ, ਜੋ ਰਜਨੀਸ਼ ਅਰੋੜਾ ਦਾ ਆਈਆਈਟੀ ਦਾ ਜਮਾਤੀ ਰਿਹਾ ਹੈ, ਉਸ ਦੀ ਕੰਪਨੀ ਮੈਸਰਜ਼ ਨੈੱਟ ਆਈਆਈਟੀ ਨੂੰ ਸਲਾਹਾਂ ਦੇਣ ਦਾ ਕੰਮ ਦਿੱਤਾ ਗਿਆ ਸੀ। ਪੀਟੀਯੂ ਨੂੰ ਇਹ ਸਲਾਹਾਂ 24 ਕਰੋੜ 50 ਲੱਖ ਤੋਂ ਵੀ ਵੱਧ ਦੇ ਮੁੱਲ ਦੀਆਂ ਪਈਆਂ ਹਨ। ਦਿੱਲੀ ਵਿੱਚ ਵੀ ਕੰਪਨੀ ਨੂੰ ਦਫ਼ਤਰ ਖੋਲ੍ਹਣ ਦੀ ਆਗਿਆ ਦੇ ਕੇ ਇਕ ਕਰੋੜ ਤੋਂ ਵੱਧ ਦੀ ਰਕਮ ਬਿਨਾਂ ਕਿਸੇ ਲਾਭ ਤੋਂ ਖ਼ਰਚੀ ਗਈ ਹੈ। ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀਟੀਯੂ ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਵੱਲੋਂ ਆਪਣੇ ਆਈਆਈਟੀ ਦੇ ਜਮਾਤੀ ਰਹੇ ਪ੍ਰਵੀਨ ਕੁਮਾਰ ਦੀ ਕੰਪਨੀ ਨੈੱਟ ਆਈਆਈਟੀ ਨਾਲ 27 ਅਗਸਤ 2012 ਨੂੰ ਇਕਰਾਰਨਾਮਾ ਕੀਤਾ ਗਿਆ ਸੀ। ਪੀਟੀਯੂ ਤੇ ਇਸ ਕੰਪਨੀ ਵਿਚਾਲੇ ਹੋਏ ਇਕਰਾਰ ਅਨੁਸਾਰ ਯੂਨੀਵਰਸਿਟੀ ਦੇ ਲਰਨਿੰਗ ਸੈਂਟਰਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਕੁੱਲ ਫੀਸ ਵਿੱਚੋਂ 8 ਫ਼ੀਸਦੀ ਹਿੱਸਾ ਨੈੱਟ ਆਈਆਈਟੀ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਪੰਜਾਬ ਦੇ ਮੁੱਖ ਸਕੱਤਰ-ਕਮ-ਚੇਅਰਮੈਨ ਬੋਰਡ ਆਫ ਗਵਰਨਰਜ਼ ਪੀਟੀਯੂ ਨੇ 10 ਸਤੰਬਰ 2012 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਕਿ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਸਲਾਹਕਾਰ ਦੀ ਕੀਤੀ ਨਿਯੁਕਤੀ ਨੂੰ ਵਾਪਸ ਲੈਣ ਦੀਆਂ ਹਦਾਇਤਾਂ ਕੀਤੀਆਂ ਹਨ। ਇਸ ਦੇ ਬਾਵਜੂਦ ਰਜਨੀਸ਼ ਅਰੋੜਾ ਨੇ ਆਪਣੇ ਜਮਾਤੀ ਨੂੰ ਸਲਾਹਕਾਰ ਦੇ ਅਹੁਦੇ ਤੋਂ ਨਹੀਂ ਹਟਾਇਆ ਸੀ। ਉਸ ਨੂੰ ਦਸੰਬਰ 2014 ਤੱਕ ਕੰਮਾਂ ਦੀ ਅਦਾਇਗੀ ਵੀ ਹੁੰਦੀ ਰਹੀ, ਜਿਸ ਤਹਿਤ ਉਕਤ ਕੰਪਨੀ ਨੂੰ 24 ਕਰੋੜ 37 ਲੱਖ 32 ਹਜ਼ਾਰ 616 ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਪ੍ਰਵੀਨ ਕੁਮਾਰ ਦੀ ਕੰਪਨੀ ਵੱਲੋਂ ਯੂਨੀਵਰਸਿਟੀ ਨੂੰ ਦਿੱਤੀਆਂ ਸੇਵਾਵਾਂ ਬਾਰੇ ਸਬੰਧਤ ਵਿਭਾਗਾਂ ਕੋਲ ਕੋਈ ਵੀ ਵੇਰਵਾ ਉਪਲਬਧ ਨਹੀਂ ਹੈ। ਵਿਜੀਲੈਂਸ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਡਾ. ਅਰੋੜਾ ਨੇ ਦਿੱਲੀ ਵਿਚ ਮੈਸਰਜ਼ ਨੈੱਟ ਆਈਆਈਟੀ ਨੂੰ ਕੈਂਪ ਆਫਿਸ ਖੋਲ੍ਹਣ ਦੀ ਆਗਿਆ ਦੇ ਕੇ ਇਕ ਕਰੋੜ 65 ਲੱਖ 52 ਹਜ਼ਾਰ ਤੋਂ ਵੱਧ ਦੀ ਰਕਮ ਪਾਣੀ ਵਾਂਗ ਰੋੜ੍ਹ ਦਿੱਤੀ ਹੈ।