ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਉਸ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਹੈ ਜੋ ਪਹਿਲਾਂ ਕਿਸੇ ਵੀ ਭਾਰਤੀ ਗੇਂਦਬਾਜ਼ ਨੇ ਨਹੀਂ ਕੀਤਾ। ਅਰਸ਼ਦੀਪ ਸਿੰਘ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 100 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਏਸ਼ੀਆ ਕੱਪ 2025 ਤੋਂ ਪਹਿਲਾਂ, ਉਹ 99 ਵਿਕਟਾਂ ‘ਤੇ ਅਟਕ ਗਿਆ ਸੀ। ਉਸ ਨੂੰ ਪਹਿਲੇ ਦੋ ਲੀਗ ਮੈਚਾਂ ਵਿੱਚ ਮੌਕਾ ਨਹੀਂ ਮਿਲਿਆ, ਪਰ ਜਿਵੇਂ ਹੀ ਉਸ ਨੇ ਤੀਜੇ ਲੀਗ ਮੈਚ ਵਿੱਚ ਆਪਣੀ ਪਹਿਲੀ ਵਿਕਟ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸ ਦੀ ਵਿਕਟਾਂ ਦੀ ਗਿਣਤੀ 100 ਹੋ ਗਈ।

ਉਸ ਨੇ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਓਮਾਨ ਦੇ ਬੱਲੇਬਾਜ਼ ਵਿਨਾਇਕ ਸ਼ੁਕਲਾ ਨੂੰ ਆਊਟ ਕੀਤਾ। ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਘੱਟ ਮੈਚਾਂ ਵਿੱਚ 100 ਵਿਕਟਾਂ ਲੈਣ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਵੀ ਬਣ ਗਿਆ। ਉਸ ਨੇ ਇਹ ਕਾਰਨਾਮਾ 64 ਮੈਚਾਂ ਵਿੱਚ ਹਾਸਲ ਕੀਤਾ। ਹਾਲਾਂਕਿ, ਉਹ ਓਮਾਨ ਵਿਰੁੱਧ ਪਹਿਲੇ ਤਿੰਨ ਓਵਰਾਂ ਵਿੱਚ ਵਿਕਟ ਰਹਿਤ ਰਿਹਾ।

ਅਰਸ਼ਦੀਪ ਸਿੰਘ ਭਾਰਤ ਲਈ 100 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਹੈ। ਉਸ ਤੋਂ ਪਹਿਲਾਂ ਟੀ20 ਇੰਟਰਨੈਸ਼ਨਲ ਕ੍ਰਿਕਟ ਵਿਚ 100 ਜਾਂ ਇਸ ਤੋਂ ਵੱਧ ਵਿਕਟ 24 ਹੋਰ ਗੇਂਦਬਾਜਾਂ ਨੇ ਕੱਢੇ ਹਨ। ਇਸ ਤਰ੍ਹਾਂ ਉਹ ਦੁਨੀਆ ਦਾ 25ਵਾਂ ਖਿਡਾਰੀ ਹੈ, ਜਿਸ ਨੇ 100 ਜਾਂ ਇਸ ਤੋਂ ਵੱਧ ਵਿਕਟ ਇਸ ਫਾਰਮੇਟ ਵਿਚ ਕੱਢੇ ਹਨ। ਯੁਜਵੇਂਦਰ ਚਾਹਲ ਟੀ-20ਆਈ ਕ੍ਰਿਕਟ ਵਿੱਚ ਭਾਰਤ ਦਾ ਦੂਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ, ਜਿਸ ਦੀਆਂ 96 ਵਿਕਟਾਂ ਹਨ। ਸੂਚੀ ਵਿੱਚ ਤੀਜੇ ਸਥਾਨ ‘ਤੇ ਹਾਰਦਿਕ ਪੰਡਯਾ ਹੈ, ਜਿਸਨੇ ਹੁਣ ਤੱਕ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 95 ਵਿਕਟਾਂ ਲਈਆਂ ਹਨ।
ਅਰਸ਼ਦੀਪ ਸਿੰਘ ਨੂੰ 64 ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਤਜਰਬਾ ਹੈ। ਉਹ 2022 ਤੋਂ ਭਾਰਤ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡ ਰਿਹਾ ਹੈ ਅਤੇ ਤਿੰਨ ਸਾਲਾਂ ਦੇ ਅੰਦਰ ਇਸ ਫਾਰਮੈਟ ਵਿੱਚ 100 ਵਿਕਟਾਂ ਤੱਕ ਪਹੁੰਚ ਗਿਆ ਹੈ। ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਗੇਂਦਬਾਜ਼ ਨੇ ਇੰਨੇ ਘੱਟ ਸਮੇਂ ਵਿੱਚ ਇੰਨੀਆਂ ਵਿਕਟਾਂ ਲਈਆਂ ਹੋਣ। ਹਾਲਾਂਕਿ ਉਹ ਟੀ-20ਆਈ ਕ੍ਰਿਕਟ ਵਿੱਚ ਭਾਰਤ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ, ਪਰ ਟੀਮ ਦੇ ਸੁਮੇਲ ਅਤੇ ਹਾਲਾਤਾਂ ਨੇ ਉਸ ਨੂੰ ਸ਼ੁਰੂਆਤੀ ਇਲੈਵਨ ਤੋਂ ਬਾਹਰ ਰੱਖਿਆ ਹੈ। ਉਸ ਨੂੰ ਯੂਏਈ ਅਤੇ ਪਾਕਿਸਤਾਨ ਵਿਰੁੱਧ ਮੈਚਾਂ ਲਈ ਬੈਂਚ ‘ਤੇ ਰੱਖਿਆ ਗਿਆ ਸੀ।