ਜਕਾਰਤਾ, ਭਾਰਤੀ ਮੁੱਕੇਬਾਜ਼ ਅਮਿਤ ਪੰਘਲ ਨੇ ਪੁਰਸ਼ਾਂ ਦੇ 49 ਕਿਲੋ ਲਾਈਟ ਫਲਾਈਵੇਟ ਅਤੇ ਵਿਕਾਸ ਕ੍ਰਿਸ਼ਨਨ ਨੇ 75 ਕਿਲੋ ਮਿਡਲਵੇਟ ਵਰਗ ਦੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅੱਜ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਦੇ ਨਾਲ ਹੀ ਇੱਥੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਦੇਸ਼ ਲਈ ਤਗ਼ਮੇ ਪੱਕੇ ਕਰ ਲਏ। ਹਾਲਾਂਕਿ ਵਿਸ਼ਵ ਤਗ਼ਮਾ ਜੇਤੂ ਸਰਜੂਬਾਲਾ ਦੇਵੀ (51 ਕਿਲੋ) ਦਾ ਸਫ਼ਰ ਕੁਆਰਟਰ ਫਾਈਨਲ ਬਾਊਟ ਵਿੱਚ ਹਾਰਨ ਨਾਲ ਖ਼ਤਮ ਹੋ ਗਿਆ।
ਅਮਿਤ ਨੇ 49 ਕਿਲੋ ਲਾਈਟ ਫਲਾਈਵੇਟ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਉਤਰ ਕੋਰੀਆ ਦੇ ਜਾਂਗ ਰਿਯੋਂਗ ਕਿਮ ਨੂੰ 5-0 ਨਾਲ ਇਕਪਾਸੜ ਮੁਕਾਬਲੇ ਵਿੱਚ ਹਰਾਇਆ। ਉਹ ਹੁਣ ਵੀਰਵਾਰ ਨੂੰ ਫਿਲਪੀਨਜ਼ ਦੇ ਕਾਰਲੋ ਪਲਾਮ ਖ਼ਿਲਾਫ਼ ਸੈਮੀ ਫਾਈਨਲ ਬਾਊਟ ਵਿੱਚ ਉਤਰੇਗਾ। ਵਿਕਾਸ ਨੇ 75 ਕਿਲੋ ਮਿਡਲਵੇਟ ਵਰਗ ਦੀ ਬਾਊਟ ਵਿੱਚ ਚੀਨ ਦੇ ਮੁੱਕੇਬਾਜ਼ ਤੁਹੇਤਾ ਏਰਬੀਅਕ ਤੰਗਲਾਥਿਆਨ ਦੀ ਸਖ਼ਤ ਚੁਣੌਤੀ ’ਤੇ ਕਾਬੂ ਪਾਉਂਦਿਆਂ 3-2 ਨਾਲ ਕੁਆਰਟਰ ਫਾਈਨਲ ਮੁਕਾਬਲਾ ਜਿੱਤਿਆ। ਹੁਣ ਉਸ ਦੀ ਸੈਮੀ ਫਾਈਨਲ ਵਿੱਚ ਟੱਕਰ ਕਿਰਗਿਸਤਾਨ ਦੇ ਅਬਿਲਾਖਨ ਅਮਾਨਕੁਲ ਨਾਲ ਹੈ। ਮਹਿਲਾਵਾਂ ਦੇ ਵਰਗ ਵਿੱਚ ਭਾਰਤ ਨੂੰ ਨਿਰਾਸ਼ਾ ਮਿਲੀ। ਭਾਰਤੀ ਮੁੱਕੇਬਾਜ਼ ਸੁਰਜੂਬਾਲਾ 51 ਕਿਲੋ ਫਲਾਈਵੇਟ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨੀ ਖਿਡਾਰਨ ਹੱਥੋਂ 0-5 ਨਾਲ ਹਾਰ ਗਈ। ਇਸ ਦੇ ਨਾਲ ਹੀ ਉਸ ਦਾ ਏਸ਼ਿਆਡ ਵਿੱਚ ਤਗ਼ਮਾ ਜਿੱਤਣ ਦਾ ਸੁਪਨਾ ਟੁੱਟ ਗਿਆ। ਸੁਰਜੂਬਾਲਾ ਭਾਰਤ ਦੇ ਮਹਿਲਾ ਵਰਗ ਵਿੱਚ ਤਗ਼ਮੇ ਦੀ ਆਖ਼ਰੀ ਉਮੀਦ ਸੀ।