ਸੰਯੁਕਤ ਰਾਸ਼ਟਰ, 20 ਅਗਸਤ

ਅਮਰੀਕਾ ਨੇ 150 ਤੋਂ ਵੱਧ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਗੂਆਂ ਜਾਂ ਮੰਤਰੀਆਂ ਨੂੰ ਅਗਲੇ ਮਹੀਨੇ ਨਿਊਯਾਰਕ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਭੇਜਣ ਦੀ ਥਾਂ ਇਜਲਾਸ ਨੂੰ ਵਰਚੁਅਲੀ ਸੰਬੋਧਨ ਕਰਨ ਬਾਰੇ ਵਿਚਾਰ ਕਰਨ। ਅਮਰੀਕਾ ਨੇ ਕਿਹਾ ਕਿ ਇਹ ਸਾਵਧਾਨੀ ਕੋਵਿਡ-19 ਦੇ ਮੱਦੇਨਜ਼ਰ ਵਰਤੀ ਜਾ ਰਹੀ ਹੈ ਤਾਂ ਕਿ ਹਫ਼ਤਾ ਭਰ ਚੱਲਣ ਵਾਲਾ ਸਾਲਾਨਾ ਸਮਾਗਮ ‘ਸੁਪਰ-ਸਪਰੈਡਰ ਈਵੈਂਟ’ ਵਿੱਚ ਤਬਦੀਲ ਨਾ ਹੋ ਜਾਵੇ। ਅਮਰੀਕੀ ਮਿਸ਼ਨ ਵੱਲੋਂ ਸੰਯੁਕਤ ਰਾਸ਼ਟਰ ਦੇ 192 ਹੋਰਨਾਂ ਮੈਂਬਰ ਮੁਲਕਾਂ ਨੂੰ ਭੇਜੇ ਨੋਟ ਵਿੱਚ ਇਹ ਸੱਦਾ ਵੀ ਦਿੱਤਾ ਗਿਆ ਹੈ ਕਿ ਯੂਐਨ ਦੀ ਮੇਜ਼ਬਾਨੀ ਵਾਲੀਆਂ ਹੋਰ ਸਾਰੀਆਂ ਮੀਟਿੰਗਾਂ ਤੇ ਇਕਪਾਸੜ ਸਮਾਗਮ ਵੀ ਵਰਚੁਅਲੀ ਕਰਵਾਏ ਜਾਣ। ਅਮਰੀਕੀ ਮਿਸ਼ਨ ਨੇ ਨੋਟ ਵਿੱਚ ਕਿਹਾ ਕਿ ਇਨ੍ਹਾਂ ਬਰਾਬਰ ਦੀਆਂ ਮੀਟਿਗਾਂ ਨਾਲ ਯਾਤਰੀ ਨਿਊਯਾਰਕ ਆਉਣਗੇ, ਜਿਸ ਕਰਕੇ ‘ਸਾਡੇ ਭਾਈਚਾਰੇ, ਨਿਊਯਾਰਕ ਵਿੱਚ ਰਹਿੰਦੇ ਲੋਕਾਂ ਤੇ ਹੋਰਨਾਂ ਯਾਤਰੀਆਂ ਲਈ ਬੇਲੋੜਾ ਜੋਖ਼ਮ ਵਧੇਗਾ।’ ਇਸ ਖ਼ਬਰ ਏਜੰਸੀ ਕੋਲ ਮੌਜੂਦ ਅਮਰੀਕੀ ਨੋਟ ਮੁਤਾਬਕ ਬਾਇਡਨ ਪ੍ਰਸ਼ਾਸਨ ਵਿਸ਼ੇਸ਼ ਕਰਕੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਤੇ ਆਮ ਸਭਾ ਤੇ ਅਗਲੇ ਪ੍ਰਧਾਨ ਅਬਦੁੱਲਾ ਸ਼ਾਹਿਦ ਬਾਰੇ ਫ਼ਿਕਰਮੰਦ ਹਨ, ਜਿਨ੍ਹਾਂ ਵਾਤਾਵਰਨ ਤਬਦੀਲੀ, ਵੈਕਸੀਨਾਂ, ਖੁਰਾਕ ਪ੍ਰਬੰਧ ਤੇ ਊਰਜਾ ਅਤੇ ਨਸਲਵਾਦ ਖ਼ਿਲਾਫ਼ ਯੂਐੱਨ ਵਰਲਡ ਕਾਨਫਰੰਸ ਦੀ 20ਵੀਂ ਵਰ੍ਹੇਗੰਢ ਦੀ ਮੇਜ਼ਬਾਨੀ ਕਰਨੀ ਹੈ। ਨੋਟ ਮੁਤਾਬਕ ਅਮਰੀਕਾ ਇਨ੍ਹਾਂ ਅਹਿਮ ਸਮਾਗਮਾਂ ਨੂੰ ਵਰਚੁਅਲ ਰੂਪ ਵਿੱਚ ਸਫ਼ਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਤੇ ਬਾਇਡਨ ਪ੍ਰਸ਼ਾਸਨ ਦੀ ਇਹ ਸਿਖਰਲੀ ਤਰਜੀਹ ਰਹੇਗੀ।