ਸ਼ਰਾਬ ਮਾਫ਼ੀਆ ਖ਼ਤਮ ਹੋਣ ਨਾਲ ਭਰੇਗਾ ਸਰਕਾਰੀ ਖ਼ਜ਼ਾਨਾ

ਚੰਡੀਗੜ੍ਹ, 1 ਫਰਵਰੀ 2019

ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਮਿਲ ਕੇ ਆਉਣ ਵਾਲੇ ਬਜਟ ਸੈਸ਼ਨ ਵਿੱਚ ‘2019’  ਨਾਂ ਦਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਸੌਂਪ ਕੇ ਇਸ ਨੂੰ ਆਉਣ ਵਾਲੇ ਬਜਟ ਸੈਸ਼ਨ ਵਿਚ ਪੰਜਾਬ ਵਿਚੋਂ ਸ਼ਰਾਬ ਦੇ ਕਾਰੋਬਾਰ ਨੂੰ ਸ਼ਰਾਬ ਮਾਫ਼ੀਆ ਅਤੇ ਸਿਆਸੀ ਗ਼ਲਬੇ ਵਿਚੋਂ ਕੱਢਣ ਦੇ ਮੰਤਵ ਨਾਲ ਪੇਸ਼ ਕਰਨ ਦੀ ਇਜਾਜ਼ਤ ਮੰਗੀ ਹੈ।

ਅਰੋੜਾ ਵੱਲੋਂ ਸਪੀਕਰ ਨੂੰ ਵਿਧਾਨ ਸਭਾ ਦੀਆ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਮੈਨੀਫੈਸਟੋ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 2017 ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਾਅਦੇ ਦਾ ਚੇਤਾ ਕਰਾਉਂਦਿਆਂ ਕਿਹਾ ਕਿ ਦਿੱਲੀ, ਤਾਮਿਲਨਾਡੂ, ਪੱਛਮੀ ਬੰਗਾਲ, ਉੱਤਰਾਖੰਡ ਆਦਿ ਸਰਕਾਰਾਂ ਦੀ ਤਰਜ਼ ਉੱਪਰ ਬਣਾਈ ਇਸ ਸਰਕਾਰੀ ਕਾਰਪੋਰੇਸ਼ਨ ਦੇ ਨਾਲ ਸ਼ਰਾਬ ਮਾਫ਼ੀਆ ਦਾ ਅੰਤ ਹੋ ਜਾਵੇਗਾ। ਜਿਸ ਨਾਲ ਦੀਵਾਲੀਆ ਹੋ ਚੁੱਕੇ ਸਰਕਾਰੀ ਖ਼ਜ਼ਾਨੇ ਨੂੰ ਕਈ ਗੁਣਾ ਆਮਦਨੀ ਵਧਣ ਨਾਲ ਰਾਹਤ ਮਿਲੇਗੀ, ਪਰ ਪਿਛਲੇ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੀ ਕਦਾਵਰ ਲੀਡਰਾਂ ਦਾ ਸ਼ਰਾਬ ਕਾਰੋਬਾਰ ਵਿੱਚ ਸ਼ਾਮਿਲ ਹੋਣ ਦੀ ਵਜ੍ਹਾ ਕਰਕੇ ਸਰਕਾਰੀ ਹਿੱਤ ਨੂੰ ਅਣਗੇਲਾ ਕੀਤਾ ਜਾ ਰਹੀਆਂ ਹੈ।

ਆਪਣੇ ਪ੍ਰਾਈਵੇਟ ਮੈਂਬਰ ਬਿੱਲ ਵਿੱਚ ਅਮਨ ਅਰੋੜਾ ਨੇ ਤਜਵੀਜ਼ ਦਿੱਤੀ ਹੈ ਕਿ ਸ਼ਰਾਬ ਦੀ ਕਾਰਪੋਰੇਸ਼ਨ ਨੂੰ ਇਸ ਵਪਾਰ ਵਿੱਚ ਮਾਫ਼ੀਆ ਖ਼ਤਮ ਕਰਨ ਲਈ ਹੋਲਸੇਲ ਅਤੇ ਰਿਟੇਲ ਵਿੱਕਰੀ ਨੂੰ ਆਪਣੇ ਹੱਥਾਂ ਵਿੱਚ ਲੈ ਲੈਣਾ ਚਾਹੀਦਾ ਹੈ, ਸ਼ਰਾਬ ਦੀਆ ਫ਼ੈਕਟਰੀਆਂ ਅਤੇ ਬੋਟਲਿੰਗ ਪਲਾਂਟਸ ਵਿੱਚ ਸ਼ਰਾਬ ਅਤੇ ਸਪਿਰਿਟ ਦੀ ਉਤਪਾਦਨ ਤੇ ਪੂਰਨ ਕੰਟਰੋਲ ਹੋਣਾ ਚਾਹੀਦਾ ਹੈ, ਹਰੇਕ ਬੋਤਲ ਦੇ ਉੱਪਰ ਹੋਲੋਗ੍ਰਾਮ ਅਤੇ ਬਾਰ ਕੋਡਿੰਗ ਹੋਣੀ ਚਾਹੀਦੀ ਹੈ ਤਾਂ ਕਿ ਨਕਲੀ ਅਤੇ ਜਾਅਲੀ ਸ਼ਰਾਬ ਦੀ ਵਿੱਕਰੀ ਬੰਦ ਹੋ ਸਕੇ, ਐਕਸਾਈਜ਼ ਡਿਊਟੀ ਵਿਚ ਵਾਧਾ ਹੋ ਸਕੇ ਅਤੇ ਲੋਕਾਂ ਨੂੰ ਸੁੱਧ ਅਤੇ ਸਹੀ ਰੇਟ ਉੱਪਰ ਸ਼ਰਾਬ ਉਪਲਬਧ ਹੋ ਸਕੇ ਅਤੇ ਪੰਜਾਬ ਤੋਂ ਅਤੇ ਪੰਜਾਬ ਨੂੰ ਹੁੰਦੀ ਸਮਗਲਿੰਗ ਤੇ ਠੱਲ੍ਹ ਪਾਈ ਜਾ ਸਕੇ। ਇਸ ਮਕਸਦ ਲਈ ਅਰੋੜਾ ਨੇ ਸਰਕਾਰ ਬਜਟ ਵਿੱਚ 100 ਕਰੋੜ ਦਾ ਪ੍ਰਾਵਧਾਨ ਕਰਨ ਲਈ ਅਤੇ ਹਰੇਕ ਜ਼ਿਲ੍ਹੇ ਉੱਪਰ ਅਲੱਗ ਐਕਸਾਈਜ਼ ਪੁਲਿਸ ਸਟੇਸ਼ਨ ਬਣਾਉਣ ਦੀ ਤਜਵੀਜ਼ ਰੱਖੀ ਹੈ।

ਅਰੋੜਾ ਨੇ ਕਿਹਾ ਕਿ ਸਰਕਾਰ ਦੇ ਇਸ ਇੱਕ ਫ਼ੈਸਲੇ ਨਾਲ ਜਿੱਥੇ ਸਰਕਾਰ ਦੇ ਮਾਲੀਆ ਵਿੱਚ ਚੋਖਾ ਵਾਧਾ ਹੋਏਗਾ ਉੱਥੇ ਹੀ ਹਜ਼ਾਰਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਵਿਚ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸੰਧਵਾਂ, ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਅਮਰਜੀਤ ਸਿੰਘ ਸੰਦੋਆ, ਕੁਲਵੰਤ ਸਿੰਘ ਪੰਡੋਰੀ, ਮੀਤ ਹੇਅਰ, ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਅਤੇ ਬੁਲਾਰੇ ਨੀਲ ਗਰਗ ਵੀ ਹਾਜਰ ਸਨ।