ਚੰਡੀਗੜ੍ਹ, 9 ਅਕਤੂਬਰ
ਪੰਜਾਬ ਸਰਕਾਰ ਵੱਲੋਂ ਰੇਤ ਖੱਡਾਂ ਦੀ ਬੋਲੀ ਦੀ ਜਾਂਚ ਲਈ ਬਣਾਏ ਨਾਰੰਗ ਕਮਿਸ਼ਨ ਦੀ ਰਿਪੋਰਟ ਅਨੁਸਾਰ ਗੜਬੜੀਆਂ ਦੀ ਮਾਰ ਸਿੰਜਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਥਾਂ ਮਾਈਨਿੰਗ ਵਿਭਾਗ ਦੀ ਅਫ਼ਸਰਸ਼ਾਹੀ ਨੂੰ ਪੈ ਸਕਦੀ ਹੈ।
ਜਸਟਿਸ ਜੇ.ਐੱਸ. ਨਾਰੰਗ ਦੀ ਅਗਵਾਈ ਹੇਠ ਬਣੇ ਕਮਿਸ਼ਨ ਦੀ ਰਿਪੋਰਟ ਵਿੱਚ ਜਿੱਥੇ ਇਹ ਗੱਲ ਸਾਫ਼ ਲਿਖੀ ਹੈ ਕਿ ਮਾਈਨਿੰਗ ਦੀਆਂ ਸੈਦਪੁਰ ਖੁਰਦ ਅਤੇ ਮਹਿਦੀਪੁਰ ਖੱਡਾਂ ਦੀ ਬੋਲੀ ਦੌਰਾਨ ਨਿਰਧਾਰਿਤ ਸ਼ਰਤਾਂ 5, 22 ਤੇ 25 ਦੀ ਖੁੱਲ੍ਹ ਕੇ ਉਲੰਘਣਾ ਹੋਈ ਹੈ, ਉੱਥੇ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਸ੍ਰੀ ਰਾਣਾ ਨੇ ਕਿਸੇ ਤਰ੍ਹਾਂ ਦਾ ਸਿਆਸੀ ਰਸੂਖ਼ ਵਰਤਣ ਦਾ ਯਤਨ ਨਹੀਂ ਕੀਤਾ। ਇਸ ਤੋਂ ਸੰਕੇਤ ਮਿਲਦੇ ਹਨ ਕਿ ਸ਼ਰਤਾਂ ਦੀ ਉਲੰਘਣਾ ਕਰਨ ਦਾ ਖ਼ਾਮਿਆਜ਼ਾ ਹੁਣ ਅਫ਼ਸਰਸ਼ਾਹੀ ਨੂੰ ਭੁਗਤਣਾ ਪਵੇਗਾ। ਰਿਪੋਰਟ ਅਨੁਸਾਰ ਸ੍ਰੀ ਰਾਣਾ ਦੇ ਸਾਬਕਾ ਮੁਲਾਜ਼ਮਾਂ ਅਮਿਤ ਬਹਾਦਰ ਅਤੇ ਕੁਲਵਿੰਦਰ ਪਾਲ ਸਿੰਘ ਨੇ ਮੰਨਿਆ ਹੈ ਕਿ ਭਾਵੇਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸੈਦਪੁਰ ਖੁਰਦ ਅਤੇ ਮਹਿਦੀਪੁਰ ਦੀਆਂ ਖੱਡਾਂ ਦੀ ਬੋਲੀ ਉਨ੍ਹਾਂ ਦੇ ਨਾਮ ਅਲਾਟ ਕਰਨ ਲਈ ‘ਸਰਟੀਫਿਕੇਟ ਆਫ਼ ਅਪਰੂਵਲ’ ਜਾਰੀ ਕੀਤੇ ਹਨ, ਪਰ ਇਸ ਬੋਲੀ ਦੌਰਾਨ ਉਨ੍ਹਾਂ ਦੋਵਾਂ ਦੇ ਖਾਤੇ ਵਿੱਚੋਂ ਇੱਕ ਧੇਲਾ ਵੀ ਸਰਕਾਰ ਕੋਲ ਜਮ੍ਹਾਂ ਨਹੀਂ ਕਰਵਾਇਆ ਗਿਆ। ਅਮਿਤ ਬਹਾਦਰ ਤੇ ਕੁਲਵਿੰਦਰ ਪਾਲ ਸਿੰਘ ਦੇ ਇਨ੍ਹਾਂ ਬਿਆਨਾਂ ਅਤੇ ਦੋਵਾਂ ਖੱਡਾਂ ਲਈ ਜਮ੍ਹਾਂ ਕਰਵਾਈ ਕਰੋੜਾਂ ਦੀ ਰਕਮ ਸੰਜੀਤ ਰੰਧਾਵਾ ਅਤੇ ਸਾਹਿਲ ਸਿੰਗਲਾ ਦੇ ਖਾਤਿਆਂ ਵਿੱਚੋਂ ਸਰਕਾਰ ਕੋਲ ਜਮ੍ਹਾਂ ਹੋਣ ਕਾਰਨ ‘ਸਰਟੀਫਿਕੇਟ ਆਫ਼ ਅਪਰੂਵਲ’ ਇਨ੍ਹਾਂ ਦੋਵਾਂ ਨੂੰ ਜਾਰੀ ਕਰਨ ਵਾਲੇ ਅਧਿਕਾਰੀਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਕਮਿਸ਼ਨ ਨੇ ਰਿਪੋਰਟ ਵਿੱਚ ਸਪੱਸ਼ਟ ਕੀਤਾ ਹੈ ਕਿ ਅਮਿਤ ਬਹਾਦਰ ਅਤੇ ਕੁਲਵਿੰਦਰ ਪਾਲ ਸਿੰਘ ਨੇ ਖੱਡਾਂ ਦੀ ਬੋਲੀ ਨਿਯਮਾਂ ਤੋਂ ਉਲਟ ਆਪਣੇ ਨਿੱਜੀ ਨਾਵਾਂ ਦੇ ਆਧਾਰ ’ਤੇ ਲਾਈ ਹੈ, ਜਦੋਂਕਿ ਦੂਜੇ ਪਾਸੇ ਇਨ੍ਹਾਂ ਦੋਵਾਂ ਨੂੰ ਮੈਸਰਜ਼ ਰਾਜਬੀਰ ਐਂਟਰਪ੍ਰਾਈਜਿਜ ਮੁਹਾਲੀ ਕੰਪਨੀ ਵਿੱਚ ਭਾਈਵਾਲ ਦਿਖਾਇਆ ਗਿਆ ਹੈ।
ਰਿਪੋਰਟ ਵਿੱਚ ਸਪਸ਼ਟ ਹੈ ਕਿ ਕੰਪਨੀ ਦਾ ਅੱਜ ਤੱਕ ਕੋਈ ਸਾਂਝਾ ਖਾਤਾ ਨਹੀਂ ਹੈ ਅਤੇ ਸਰਕਾਰੀ ਖ਼ਜ਼ਾਨੇ ਵਿੱਚ ਰਕਮ ਸੰਜੀਤ ਰੰਧਾਵਾ ਅਤੇ ਸਾਹਿਲ ਸਿੰਗਲਾ ਦੇ ਖਾਤਿਆਂ ਵਿੱਚੋਂ ਜਮ੍ਹਾਂ ਹੋਈ ਹੈ। ਰਾਜਬੀਰ ਐਂਟਰਪ੍ਰਾਈਜਿਜ ਦੀ ਕੰਪਨੀ ਵਿੱਚ ਕੁਲਵਿੰਦਰ ਪਾਲ ਸਿੰਘ ਅਤੇ ਅਮਿਤ ਬਹਾਦਰ ਦਾ ਪੰਜ-ਪੰਜ ਫ਼ੀਸਦੀ ਹਿੱਸਾ ਦਿਖਾਇਆ ਗਿਆ ਹੈ। ਕਮਿਸ਼ਨ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਅਮਿਤ ਅਤੇ ਕੁਲਵਿੰਦਰ ਨੂੰ ਜਿੱਥੇ ਬੋਲੀ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਬਣਦੀ ਸੀ, ਉੱਥੇ ‘ਸਰਟੀਫਿਕੇਟ ਆਫ਼ ਅਪਰੂਵਲ’ ਵੀ ਉਨ੍ਹਾਂ ਦੇ ਨਾਮ ’ਤੇ ਜਾਰੀ ਨਹੀਂ ਕੀਤਾ ਜਾ ਸਕਦਾ ਸੀ, ਕਿਉਂਕਿ ਇਨ੍ਹਾਂ ਖੱਡਾਂ ਦੀ ਬੋਲੀ ਲਈ ਬਣਦੀ ਰਾਸ਼ੀ ਸੰਜੀਤ ਰੰਧਾਵਾ ਅਤੇ ਸਾਹਿਲ ਸਿੰਗਲਾ ਦੇ ਖਾਤਿਆਂ ਵਿੱਚੋਂ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਈ ਹੈ।
ਰਿਪੋਰਟ ਅਨੁਸਾਰ ਇਥੇ ਕੇਵਲ ਕਿਸੇ ਵਲੋਂ ਉਚੀ ਬੋਲੀ ਦੇਣ ਦਾ ਸਵਾਲ ਨਹੀਂ ਸੀ ਸਗੋਂ ਨਿਯਮਾਂ ਦੀ ਪਾਲਣਾ ਹੋਣੀ ਵੀ ਜਰੂਰੀ ਸੀ। ਕਮਿਸ਼ਨ ਨੇ ਕਿਹਾ ਕਿ ਇਸ ਤੋਂ ਸਾਫ ਹੋ ਗਿਆ ਹੈ ਕਿ ਅਮਿਤ ਤੇ ਕੁਲਵਿੰਦਰ ਮਹਿਜ਼ ਸੰਜੀਤ ਤੇ ਸਾਹਿਲ ਦੇ ਫਰੰਟਮੈਨ ਹੀ ਸਨ। ਮਜ਼ੇਦਾਰ ਗੱਲ ਇਹ ਹੈ ਕਿ ਕਮਿਸ਼ਨ ਕੋਲ ਅਮਿਤ ਅਤੇ ਕੁਲਵਿੰਦਰ ਨੇ ਮੰਨਿਆ ਹੈ ਕਿ ਉਨ੍ਹਾਂ ਕੋਲ ਮਾਈਨਿੰਗ ਦਾ ਕੋਈ ਤਜ਼ਰਬਾ ਨਹੀਂ ਹੈ। ਅਮਿਤ ਨੇ ਤਾਂ ਇਥੋਂ ਤੱਕ ਕਿਹਾ ਕਿ ਉਸ ਨੂੰ ਅੰਗਰੇਜ਼ੀ ਦੀ ਤਾਂ ਕੋਈ ਸਮਝ ਨਹੀਂ ਹੈ ਅਤੇ ਉਸ ਨੇ ਬੋਲੀ ਲਈ ਲੋੜੀਂਦੇ ਡਿਜ਼ੀਟਲ ਦਸਤਖਤ ਵੀ ਸਾਹਿਲ ਤੇ ਸੰਜੀਤ ਦੀ ਮਦਦ ਨਾਲ ਹੀ ਕੀਤੇ ਹਨ।