ਅੰਮ੍ਰਿਤਸਰ, ਅਤਿਵਾਦ ਕਾਰਨ ਅਫ਼ਗਾਨਿਸਤਾਨ ਛੱਡ ਕੇ ਦਿੱਲੀ ਅਤੇ ਹੋਰ ਥਾਵਾਂ ’ਤੇ ਵਸੇ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਹੁਣ ਭਾਰਤੀ ਨਾਗਰਿਕਤਾ ਮਿਲਣ ਦੀ ਉਮੀਦ ਬੱਝ ਗਈ ਹੈ। ਇਹ ਮਾਮਲੇ ਨੂੰ ਲੋਕ ਸਭਾ ਵਿੱਚ ਸਹਿਮਤੀ ਮਿਲ ਚੁੱਕੀ ਹੈ ਤੇ ਹੁਣ ਰਾਜ ਸਭਾ ਵਿੱਚ ਸਹਿਮਤੀ ਮਿਲਣ ਦੀ ਉਮੀਦ ਹੈ।
ਇਹ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ, ਜੋ ਬੀਤੇ ਦਿਨ ਹੋਰ ਸਿੱਖ ਆਗੂਆਂ ਸਮੇਤ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਅਫ਼ਗਾਨਿਸਤਾਨ ਵਿੱਚ ਮਾਰੇ ਅਤੇ ਜ਼ਖ਼ਮੀ ਹੋਏ ਸਿੱਖਾਂ ਨੂੰ ਐਲਾਨੀ ਮਾਇਕ ਮਦਦ ਪਹੁੰਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਦੌਰਾਨ ਇਸ ਗੰਭੀਰ ਮਾਮਲੇ ਨੂੰ ਵਿਚਾਰਿਆ ਗਿਆ ਹੈ। ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਛੱਡ ਕੇ ਭਾਰਤ ਆਏ ਅਫ਼ਗਾਨ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਸੈਂਕੜੇ ਸਿੱਖ ਇਸ ਵੇਲੇ ਵਧੇਰੇ ਦਿੱਲੀ ਵਿੱਚ ਹਨ ਤੇ ਮੁੜ ਸਥਾਪਤੀ ਲਈ ਯਤਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਇਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਚੁੱਕਾ ਹੈ ਅਤੇ ਹੁਣ ਰਾਜ ਸਭਾ ਵਿੱਚ ਵਿਚਾਰਿਆ ਜਾਣਾ ਹੈ। ਉਮੀਦ ਹੈ ਕਿ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਇਸ ਮੁੱਦੇ ’ਤੇ ਸਹਿਮਤੀ ਮਿਲ ਜਾਵੇਗੀ, ਜਿਸ ਨਾਲ ਅਜਿਹੇ ਅਫ਼ਗਾਨ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲ ਜਾਵੇਗੀ। ਅਫ਼ਗਾਨਿਸਤਾਨ ਵਿੱਚ ਮਾਰੇ ਸਿੱਖਾਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਸਿੱਖਾਂ ਦਾ ਹਾਲ ਪੁੱਛਣ ਲਈ ਅਤੇ ਮਦਦ ਮੁਹੱਈਆ ਕਰਨ ਲਈ ਸਿੱਖ ਵਫ਼ਦ ਭੇਜੇ ਜਾਣ ਸਬੰਧੀ ਉਨ੍ਹਾਂ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰੀ ਨੇ ਆਖਿਆ ਕਿ ਇਸ ਸਬੰਧੀ ਇਕ ਸਰਕਾਰੀ ਵਫ਼ਦ ਜਾਵੇਗਾ, ਜਿਸ ਵਿੱਚ ਸਿੱਖ ਨੁਮਾਇੰਦੇ ਵੀ ਸ਼ਾਮਲ ਹੋਣਗੇ, ਪਰ ਉਹ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਾਲ ਵਿਚਾਰ ਕਰਨਗੇ, ਕਿਉਂਕਿ ਅਫ਼ਗਾਨਿਸਤਾਨ ਵਿੱਚ ਜਾਣ ਵਾਲੇ ਵਫ਼ਦ ਲਈ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮਾਇਕ ਮਦਦ ਦੇਣ ਦਾ ਐਲਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਅਫ਼ਗਾਨਿਸਤਾਨ ਵਿੱਚ ਮਾਰੇ ਸਿੱਖਾਂ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਪੰਜ ਜੁਲਾਈ ਨੂੰ ਦਰਬਾਰ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਏ ਜਾਣਗੇ।