ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਅਪ੍ਰੈਲ ਮਹੀਨੇ ਦੀ ਜ਼ੂਮ ਮੀਟਿੰਗ ਵਿਸਾਖੀ-ਦਿਵਸ ਨੂੰ ਸਮਰਪਤ ਰਹੀ। ਸਰੀ ਤੋਂ ਸਤਿਕਾਰਯੋਗ ਡਾਕਟਰ ਗੁਰਮਿੰਦਰ ਸਿੱਧੂ ਸਮੇਤ ਸਭਾ ਦੀਆਂ ਤੀਹ ਕੁ ਮੈਂਬਰਾਂ ਨੇ ਸਤਾਰਾਂ ਅਪ੍ਰੈਲ ਦਿਨ ਸ਼ਨੀਵਾਰ ਦੀ ਜ਼ੂਮ ਮੀਟਿੰਗ ਵਿੱਚ ਭਾਗ ਲਿਆ। ਸਭਾ ਦੇ ਸਕੱਤਰ ਗੁਰਦੀਸ਼ ਗਰੇਵਾਲ ਨੇ ਸਭ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਸਾਖੀ ਦਿਹਾੜੇ ਦੀ ਮਹੱਤਤਾ ਬਿਆਨਣ ਉਪਰੰਤ ਡਾ: ਗੁਰਮਿੰਦਰ ਸਿੱਧੂ ਬਾਰੇ ਜਾਣਕਾਰੀ ਦਿੱਤੀ ਕਿ ਉਹ ਬੱਚਿਆਂ ਦੇ ਡਾਕਟਰ ਹੋਣ ਦੇ ਨਾਲ ਨਾਲ ਮੰਨੀ ਪ੍ਰਮੰਨੀ ਸਾਹਿਤਕਾਰਾ ਵੀ ਹਨ। ਉਹ ਚੌਦਾਂ ਸਾਲ ਦੀ ਉਮਰ ਤੋਂ ਪੰਜਾਬੀ ਸਾਹਿਤ ਦੀ ਰਚਨਾ ਕਰ ਰਹੇ ਹਨ ਅਤੇ ਉਹਨਾਂ ਦੀਆਂ ਕਵਿਤਾ, ਮਿੰਨੀ ਕਹਾਣੀਆਂ, ਕਹਾਣੀਆਂ ਤੇ ਲੇਖਾਂ ਦੀਆਂ ਕੋਈ ਦਰਜਨ ਕੁ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ। ‘ਨਾ ਮੰਮੀ ਨਾ’ ‘ਚੌਮੁਖੀਆ ਵਾਰਤਾ’ ਤੇ ‘ਚੇਤਿਆਂ ਦਾ ਸੰਦੂਕ’ ਉਹਨਾਂ ਦੀਆਂ ਖਾਸ ਵਰਨਣਯੋਗ ਕਿਤਾਬਾਂ ਹਨ। ਪ੍ਰਧਾਨ ਬਲਵਿੰਦਰ ਬਰਾੜ ਨੇ ਡਾ: ਗੁਰਮਿੰਦਰ ਸਿੱਧੂ ਨਾਲ ਆਪਣੀ ਪੁਰਾਣੀ ਸਾਂਝ ਨਵਿਆਈ ਅਤੇ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ। ਉਹਨਾਂ ਕਿਹਾ ਕਿ ਵਿਸਾਖੀ ਇਸ ਵਾਰ ਭਾਈਚਾਰੇ ਦੇ ਏਕੇ ਦਾ ਪ੍ਰਤੀਕ ਬਣ ਕੇ ਆਈ ਹੈ ਕਿਉਂਕਿ ਇਸ ਵਿਸਾਖੀ ਵਾਲੇ ਦਿਨ ਰਮਾਦਾਨ ਅਤੇ ਨਵਰਾਤਰੇ ਦੇ ਸ਼ੁਭ ਦਿਹਾੜੇ ਵੀ ਸ਼ੁਰੂ ਹੋਏ ਹਨ। ਉਹਨਾਂ ਨੇ ਸਿੱਖ ਇਤਿਹਾਸ ਵਿੱਚ ਕਈ ਆਮ ਔਰਤਾਂ ਦੇ ਖਾਸ ਯੋਗਦਾਨ ਨੂੰ ਲਿਖਤੀ ਰੂਪ ਦੇਣ ਤੋਂ ਅਣਗੌਲਿਆ ਕੀਤੇ ਜਾਣ ਬਾਰੇ ਵੀ ਗੱਲ ਕੀਤੀ। ਕਰੋਨਾ ਬਿਮਾਰੀ ਕਾਰਨ ਹੋ ਰਹੀਆਂ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਉਹਨਾਂ ਸਭ ਨੂੰ ਕਰੋਨਾ ਦਾ ਵੈਕਸਿਨ ਲਗਵਾਉਣ ਦੀ ਅਪੀਲ ਕੀਤੀ।
ਗੁਰਮਿੰਦਰ ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਹੋ ਦਿਲੀ ਖੁਸ਼ੀ ਪ੍ਰਗਟਾਈ। ਸਭਾ ਦੀਆਂ ਮੈਂਬਰਾਂ ਵਲੋਂ ਵਿਸਾਖੀ ਦੇ ਦਿਹਾੜੇ, ਵਿਸਾਖੀ ਦੇ ਮੇਲੇ, ਪੀਘਾਂ, ਪਾਣੀ ਦੀ ਸਾਂਭ-ਸੰਭਾਲ, ਕੁੜੀਆਂ-ਚਿੜੀਆਂ, ਔਰਤ ਦੇ ਮਾਂ-ਰੂਪ ਦੇ ਨਿਰਸਵਾਰਥ ਪਿਆਰ, ਔਰਤਾਂ ਤੇ ਕਿਸਾਨਾਂ ਦੇ ਸੰਘਰਸ਼ਮਈ ਜੀਵਨ ਤੇ ਕਿਸਾਨੀ ਅੰਦੋਲਨ ਵਰਗੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਪੇਸ਼ ਕੀਤੇ ਗਏ ਗੀਤਾਂ, ਕਵਿਤਾਵਾਂ, ਬੋਲੀਆਂ, ਗਾਥਾਵਾਂ ਤੇ ਵਿਚਾਰਾਂ ਨੇ ਬਹੁਤ ਰੰਗ ਬੰਨਿ੍ਹਆ। ਰਾਜਵੰਤ ਮਾਨ ਨੇ ਆਪਣੀ ‘ਪੈਲੀਆਂ’ ਨਾਂ ਦੀ ਕਾਵਿਕ ਰਚਨਾ ਦੁਆਰਾ ਦਿੱਲੀ ਬਾਰਡਰ ਤੇ ਬੈਠੇ ਅੰਨਦਾਤੇ ਨੂੰ ਯਾਦ ਕੀਤਾ। ਮਨਮੋਹਨ ਕੌਰ ਜੀ ਨੇ ਸਿੱਖ ਇਤਿਹਾਸ ਵਿੱਚ ਸਿੱਖ ਔਰਤਾਂ ਦੇ ਸਿੱਦਕ ਸਬਰ ਤੇ ਬਹਾਦਰੀ ਦੀ ਚਰਚਾ ਕੀਤੀ। ਮੈਡਮ ਸਿੱਧੂ ਅਨੁਸਾਰ ਉਹਨਾਂ ਨੂੰ ਇੱਥੇ ਚਾਨਣ ਹੀ ਚਾਨਣ ਨਜ਼ਰ ਆਇਆ ਹੈ। ਉਹਨਾਂ ਨੇ ਸਮਾਜ ਵਿੱਚ ਔਰਤ ਦੀ ਦਸ਼ਾ, ਉਸਦੇ ਸਮਾਜਿਕ ਯੋਗਦਾਨ ਤੇ ਉਸ ਦੇ ਬੁਲੰਦ ਹੌਸਲੇ ਦੀ ਗੱਲ ਕੀਤੀ ਅਤੇ ਆਪਣੀਆਂ ਤਿੰਨ ਕਾਵਿਕ ਰਚਨਾਵਾਂ “ਜਿਹੜੀ ਕਰਨੀ ਸੀ ਤੁਸੀਂ ਕਰ ਚੁੱਕੇ, ਆਪਣੀ ਕੁੱਖ ਦੀ ਪਹਿਰੇਦਾਰ ਹਾਂ ਮੈਂ”…… “ਮਚਦੀ ਧਰਤੀ ਦੀ ਹਿੱਕ ਤੇ ਖਤ ਲਿਖਿਓ ਕਣੀਆਂ ਦੀ ਕਿਣਮਿਣ ਵਰਗਾ”……“ਬਹੁਤ ਹੀ ਹਸਦੀਆਂ ਨੇ ਕੁੜੀਆਂ ਸੋਲਵੇਂ ਸੰਧੂਰੀ ਸਾਲ ਵਿੱਚ, ਬਿਨਾ ਗਲੋਂ ਹੀ ਅਨਾਰਾਂ ਵਾਂਗ ਖਿੜ ਖਿੜ ਪੈਂਦੀਆਂ”… ਦੀ ਸਾਂਝ ਪਾ ਹਰੇਕ ਨੂੰ ਸੋਚਣ ਲਾ ਦਿੱਤਾ।
ਗੁਰਚਰਨ ਥਿੰਦ ਨੇ ਅਪ੍ਰੈਲ ਮਹੀਨੇ ਵਿੱਚ ਜਨਮੇ ਡਾ: ਬੀ. ਆਰ. ਅੰਬੇਦਕਰ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਿਹਾ ਕਿ ਉਹ ਇਕੱਲਾ ਦਲਿਤ ਬੱਚਾ ਸੀ ਜੋ ਸਕੂਲ ਵਿੱਚ ਪੜ੍ਹਦਾ ਸੀ, ਉਸਨੂੰ ਬਾਕੀ ਵਿਦਿਆਰਥੀਆਂ ਨਾਲੋਂ ਵੱਖ ਬੈਠਣਾ ਪੈਂਦਾ ਸੀ ਅਤੇ ਘੜੇ ਵਿਚੋਂ ਪਾਣੀ ਵੀ ਉਸ ਨੂੰ ਸਕੂਲ ਦਾ ਚਪੜਾਸੀ ਪਿਆਉਂਦਾ ਸੀ। ‘ਜੇ ਪੀਅਨ ਨਹੀਂ ਤਾਂ ਪਾਣੀ ਨਹੀਂ’ ਉਸ ਨੂੰ ਉਹ ਸਾਰਾ ਦਿਨ ਪਿਆਸਾ ਹੀ ਰਹਿਣਾ ਪੈਂਦਾ ਸੀ। ਉਹੋ ਦਲਿਤ ਬੱਚਾ ਭਾਰਤ ਦੇ ਉਸ ਸੰਵਿਧਾਨ ਦਾ ਰਚੇਤਾ ਬਣਿਆ ਜਿਸ ਵਿੱਚ ਹਰ ਭਾਰਤੀ ਲਈ ਬਰਾਬਰ ਦੇ ਹੱਕ, ਫ਼ਰਜ਼ ਤੇ ਮੌਕੇ ਦਰਜ ਹਨ। ਪ੍ਰੰਤੂ ਅਫਸੋਸ ਹੈ ਕਿ ਭਾਰਤ ਦਾ ਰਾਜਸੀ-ਢਾਂਚਾ, ਭਾਰਤੀ ਗਣਤੰਤਰ ਦੇ ਸੱਤ ਦਹਾਕਿਆਂ ਬਾਦ ਵੀ ਜਾਤ-ਪਾਤ, ਊਚ-ਨੀਚ ਤੇ ਛੂਆ-ਛਾਤ ਦੇ ਕੋਹੜ ਨੂੰ ਜੜ੍ਹੋਂ ਨਹੀਂ ਪੁੱਟ ਸਕਿਆ, ਜਿਸ ਲਈ ਡਾ: ਅੰਬੇਦਕਰ ਨੇ ਅਪਣੇ ਜੀਵਨ-ਕਾਲ ਵਿੱਚ ਪੁਰਜ਼ੋਰ ਯਤਨ ਕੀਤੇ ਸਨ। ਅੰਤ ਵਿੱਚ ਬਲਵਿੰਦਰ ਬਰਾੜ ਜੀ ਨੇ ਸਾਰੇ ਹਾਜ਼ਰ ਮੈਂਬਰਾਂ ਅਤੇ ਖਾਸ ਤੌਰ ਤੇ ਮੁੱਖ ਮਹਿਮਾਨ ਗੁਰਮਿੰਦਰ ਸਿੱਧੂ ਜੀ ਦਾ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਸਮਾਪਤੀ ਕੀਤੀ।
ਗੁਰਚਰਨ ਕੌਰ ਥਿੰਦ