ਨਵੀਂ ਦਿੱਲੀ, 21 ਫਰਵਰੀ, ਅਨੁਭਵੀ ਮਿਡਫੀਲਡਰ ਸਰਦਾਰ ਸਿੰਘ ਤਿੰਨ ਮਾਰਚ ਤੋਂ ਮਲੇਸ਼ੀਆ ਦੇ ਇਪੋਹ ਵਿੱਚ ਹੋਣ ਵਾਲੇ 27ਵੇਂ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਸੰਭਾਲਣਗੇ। ਸਰਦਾਰ ਹੱਥ ਕਰੀਬ ਦੋ ਸਾਲ ਬਾਅਦ ਭਾਰਤੀ ਟੀਮ ਦੀ ਕਪਤਾਨੀ ਆਈ ਹੈ। ਅਜ਼ਲਾਨ ਸ਼ਾਹ ਵਿੱਚ ਤਿੰਨ ਖਿਡਾਰੀ ਮਨਦੀਪ ਮੋਰ, ਸੁਮਿਤ ਕੁਮਾਰ ਅਤੇ ਸ਼ਿਲਾਨੰਦ ਲਾਕੜਾ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣਗੇ। ਹਾਕੀ ਇੰਡੀਆ ਨੇ ਅੱਜ ਇਸ ਦਾ ਐਲਾਨ ਕੀਤਾ। ਟੀਮ ਦੀ ਉਪ ਕਪਤਾਨੀ ਫਾਰਵਰਡ ਰਮਨਦੀਪ ਸਿੰਘ ਨੂੰ ਸੌਂਪੀ ਗਈ ਹੈ। ਰੈਗੂਲਰ ਕਪਤਾਨ ਮਨਦੀਪ ਸਿੰਘ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਆਰਾਮ ਦਿੱਤਾ ਗਿਆ ਹੈ। ਭਾਰਤ ਤੋਂ ਇਲਾਵਾ ਟੂਰਨਾਮੈਂਟ ਵਿੱਚ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ, ਦੂਜੇ ਨੰਬਰ ਦੀ ਟੀਮ ਅਰਜਨਟੀਨਾ, ਇੰਗਲੈਂਡ, ਆਇਰਲੈਂਡ ਅਤੇ ਮੇਜ਼ਬਾਨ ਮਲੇਸ਼ੀਆ ਹਿੱਸਾ ਲੈ ਰਹੇ ਹਨ। ਤਿੰਨ ਮਾਰਚ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ 10 ਮਾਰਚ ਤੱਕ ਚੱਲੇਗਾ।

ਭਾਰਤੀ ਟੀਮ ਦੇ ਮੁੱਖ ਕੋਚ ਸ਼ੂਅਰਡ ਮਰਿਨੇ ਨੇ ਕਿਹਾ, ‘‘ਨਿਊਜ਼ੀਲੈਂਡ ਦੌਰੇ ਦੌਰਾਨ ਅਸੀਂ ਚਾਰ ਖਿਡਾਰੀਆਂ ਨੂੰ ਪਹਿਲੀ ਵਾਰ ਖੇਡਣ ਦਾ ਮੌਕਾ ਦਿੱਤਾ ਸੀ, ਇਸੇ ਤਰ੍ਹਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿੱਚ ਵੀ ਤਿੰਨ ਨਵੇਂ ਖਿਡਾਰੀਆਂ ਨੂੰ ਕੌਮਾਂਤਰੀ ਮੌਕਾ ਦੇਵਾਂਗੇ ਤਾਂ ਕਿ ਇਹ ਸੀਨੀਅਰ ਟੀਮਾਂ ਖ਼ਿਲਾਫ਼ ਖੇਡਣ ਦਾ ਅਨੁਭਵ ਹਾਸਲ ਕਰ ਸਕਣ।’’ ਮਰਿਨੇ ਨੇ ਕਿਹਾ ਕਿ ਨਵੇਂ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਮੰਤਵ 2020 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਤਿਆਰੀ ਹੈ। ਮਰਿਨੇ ਦੇ ਮਾਰਗ-ਦਰਸ਼ਨ ਵਿੱਚ ਭਾਰਤ ਨੇ 2017 ਦੌਰਾਨ ਏਸ਼ੀਆ ਕੱਪ ਜਿੱਤਿਆ ਸੀ ਅਤੇ ਭੁਵਨੇਸ਼ਵਰ ਵਿੱਚ ਐਫਆਈਐਚ ਹਾਕੀ ਵਰਲਡ ਲੀਗ ਫਾਈਨਲ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ ਸੀ। ਸਰਦਾਰ ਸਿੰਘ ਨੂੰ ਕਪਤਾਨੀ ਦੇਣ ਬਾਰੇ ਕੋਚ ਨੇ ਕਿਹਾ ਕਿ ਉਹ ਪਿਛਲੇ ਦੋ ਟੂਰਨਾਮੈਂਟਾਂ ਵਿੱਚ ਨਹੀਂ ਖੇਡ ਸਕੇ ਸਨ ਅਤੇ ਇਸ ਵਾਰ ਉਨ੍ਹਾਂ ਕੋਲ ਆਪਣੀ ਸਮਰੱਥਾ ਵਿਖਾਉਣ ਦਾ ਸ਼ਾਨਦਾਰ ਮੌਕਾ ਹੈ। ਸਰਦਾਰ ਸਿੰਘ ਮਿਡਫੀਲਡ ਵਿੱਚ ਐਸਕੇ ਓਥਾਪਾ, ਸੁਮਿਤ ਕੁਮਾਰ, ਨੀਲਕਾਂਤ ਸ਼ਰਮਾ ਅਤੇ ਸਿਮਰਨਜੀਤ ਸਿੰਘ ਨਾਲ ਜ਼ਿੰਮੇਵਾਰੀ ਸੰਭਾਲਣਗੇ। ਇਸੇ ਤਰ੍ਹਾਂ ਰੱਖਿਆ ਕਤਾਰ ਵਿੱਚ ਵਰੁਣ ਕੁਮਾਰ, ਅਮਿਤ ਰੋਹਿਦਾਸ, ਦਿਪਸਨ ਟਿਰਕੀ, ਸੁਰਿੰਦਰ ਕੁਮਾਰ ਅਤੇ ਨਵੇਂ ਖਿਡਾਰੀ ਮਨਦੀਪ ਮੋਰ ਹੋਣਗੇ। ਗੋਲਕੀਪਰ ਵਜੋਂ ਸੂਰਜ ਕਰਕਰਾ ਅਤੇ ਕ੍ਰਿਸ਼ਨ ਪਾਠਕ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।