ਚੰਡੀਗੜ੍ਹ, ਸਿਵਲ ਏਵੀਏਸ਼ਨ ਰਾਜ ਮੰਤਰੀ ਜਯੰਤ ਸਿਨਹਾ ਕਿਹਾ ਕਿ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਮਾਰਚ 2019 ਤੱਕ ਨਾ ਸਿਰਫ਼ 4ਈ ਸ਼੍ਰੇਣੀ ਦੇ ਵੱਡੇ ਜਹਾਜ਼ਾਂ ਲਈ ਤਿਆਰ ਹੋ ਜਾਵੇਗਾ, ਬਲਕਿ ਇੱਥੋਂ 24 ਘੰਟੇ ਸੱਤ ਦਿਨ ਉਡਾਣਾਂ ਜਾਇਆ ਕਰਨਗੀਆਂ।
ਉਨ੍ਹਾਂ ਕਿਹਾ ਕਿ ਸਿਵਲ ਏਸ਼ੀਅਨ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 2013 ਵਿਚ 6 ਕਰੋੜ ਯਾਤਰੀਆਂ ਨੇ ਸਫ਼ਰ ਕੀਤਾ ਸੀ ਤੇ 2017 ਵਿਚ ਇਹ ਅੰਕੜਾ ਵਧ ਕੇ 12 ਕਰੋੜ ਹੋ ਗਿਆ ਹੈ। ਭਾਰਤ ਸਰਕਾਰ ਦੀ ਨੀਤੀ ਬਾਰੇ ਗੱਲ ਕਰਦੇ ਹੋਏ ਰਾਜ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ ਸਰਕਾਰ ਦਾ ਯਾਤਰੀਆਂ ਦੀ ਗਿਣਤੀ 100 ਕਰੋੜ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਵੱਧ ਹਵਾਈ ਅੱਡੇ ਰੈਗੂਲੇਟ ਕਰਨ ਦੀ ਨੀਤੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਜਿੱਥੇ ਉਡਾਣ ਦਾ ਖ਼ਰਚ ਘੱਟ ਹੋਵੇਗਾ, ਉਥੇ ਇਸ ਦਾ ਲਾਭ ਕੰਪਨੀਆਂ ਦੇ ਨਾਲ-ਨਾਲ ਯਾਤਰੀਆਂ ਨੂੰ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ ਦੇ ਵਿਸਥਾਰ ਤੇ ਨਵੇਂ ਹਵਾਈ ਅੱਡੇ ਬਣਾ ਕੇ ਸਰਕਾਰ ਦਾ 100 ਕਰੋੜ ਉਡਾਣਾਂ ਦਾ ਸੁਪਨੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹਰਿਆਣਾ ਦੇ ਅਧਿਕਾਰੀਆਂ ਨੇ ਆਪਣੇ ਸੂਬੇ ਦੇ ਹਵਾਈ ਖੇਤਰ ਦੇ ਉਦੇਸ਼ਾਂ ਬਾਰੇ ਦੱਸਿਆ।
ਮੁੱਖ ਮੰਤਰੀ ਪੰਜਾਬ ਦੇ ਮੁੱਖ ਸਕੱਤਰ ਅਤੇ ਨਾਗਰਿਕ ਉਡਾਣ ਵਿਭਾਗ ਦੇ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਕਿ ਹਵਾਈ ਸੈਨਾ ਨੇ ਆਪਣੀਆਂ ਨੀਤੀਆਂ ਵਿੱਚ ਬਦਲਾਅ ਕੀਤਾ ਹੈ। ਇਸ ਕਾਰਨ ਹੁਣ ਉਨ੍ਹਾਂ ਦੇ ਹਵਾਈ ਅੱਡੇ ਘਰੇਲੂ ਅਤੇ ਕਮਰਸ਼ੀਅਲ ਉਡਾਣਾਂ ਲਈ ਮਿਲ ਰਹੇ ਹਨ।