ਅੰਮ੍ਰਿਤਸਰ, ਅੱਜ ਕੁਝ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਂ ਮੰਗ ਪੱਤਰ ਦਿੱਤਾ, ਜਿਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਫਾਰਗ਼ ਕਰਨ ਦੀ ਮੰਗ ਕੀਤੀ। ਸਿੱਖ ਜਥੇਬੰਦੀਆਂ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ।
ਸਿੱਖ ਜਥੇਬੰਦੀਆਂ ਅੱਜ ਇਸ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਦੇਣ ਆਈਆਂ ਸਨ, ਪਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸਿੱਖ ਸੰਸਥਾ ਖ਼ਿਲਾਫ਼ ਧਰਨਾ ਦੇਣ ਦਾ ਫ਼ੈਸਲਾ ਰੱਦ ਕਰ ਦਿੱਤਾ ਅਤੇ ਆਪਣੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂ ਮੰਗ ਪੱਤਰ ਦਿੱਤਾ ਹੈ, ਜਿਸ ਨੂੰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਨੇ ਸੂਚਨਾ ਕੇਂਦਰ ਦੇ ਬਾਹਰ ਪ੍ਰਾਪਤ ਕੀਤਾ। ਮੰਗ ਪੱਤਰ ਦੇਣ ਵਾਲਿਆਂ ਵਿੱਚ ਨਿਹੰਗ ਜਥੇਬੰਦੀ ਤਰਨਾ ਦਲ ਮਿਸਲ ਸ਼ਹੀਦਾਂ ਬਾਜ ਸਿੰਘ ਦੇ ਮੁਖੀ ਬਾਬਾ ਨਰੈਣ ਸਿੰਘ, ਅਕਾਲ ਖ਼ਾਲਸਾ ਦਲ ਦੇ ਬਲਬੀਰ ਸਿੰਘ, ਰਣਜੀਤ ਸਿੰਘ, ਧਰਮ ਸਿੰਘ, ਸੁਧਾਰ ਕਮੇਟੀ ਪੰਜਾਬ ਦੇ ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਕਲਗੀਧਰ ਵੈੱਲਫੇਅਰ ਸੇਵਕ ਸੁਸਾਇਟੀ ਦੇ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਹਰਨੇਕ ਸਿੰਘ ਤੇ ਹੋਰ ਸ਼ਾਮਲ ਸਨ। ਇਸ ਤੋਂ ਪਹਿਲਾਂ ਇਹ ਸਿੱਖ ਆਗੂ ਇੱਥੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਇਕੱਠੇ ਹੋਏ ਅਤੇ ਅਰਦਾਸ ਕਰਨ ਮਗਰੋਂ ਹਰਿਮੰਦਰ ਸਾਹਿਬ ਮਾਰਚ ਕਰਦੇ ਹੋਏ ਪੁੱਜੇ। ਮੰਗ ਪੱਤਰ ਪ੍ਰਾਪਤ ਕਰਨ ਮਗਰੋਂ ਵਧੀਕ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਨੇ ਆਖਿਆ ਕਿ ਇਹ ਮੰਗ ਪੱਤਰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਗਲੀ ਕਾਰਵਾਈ ਲਈ ਸੌਂਪ ਦੇਣਗੇ।