ਅੰਮ੍ਰਿਤਸਰ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਹਲਾਕ ਕਰਨ ਵਾਲੇ ਦਿਲਾਵਰ ਸਿੰਘ ਬੱਬਰ ਦੀ ਬਰਸੀ ਅੱਜ ਇਥੇ ਸ੍ਰੀ ਅਕਾਲ ਤਖ਼ਤ ਅਤੇ ਗੁਰਦੁਆਰਾ ਬੀ ਬਲਾਕ ਵਿਖੇ ਮਨਾਈ ਗਈ। ਦੂਜੇ ਪਾਸੇ ਕਾਂਗਰਸੀਆਂ ਵੱਲੋਂ ਸਾਬਕਾ ਮੁਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਵਿਖੇ ਬਰਸੀ ਸਬੰਧੀ ਰਖਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ। ਇਹ ਅਖੰਡ ਪਾਠ ਪਰਿਵਾਰ ਵੱਲੋਂ ਰਖਵਾਇਆ ਗਿਆ ਸੀ। ਇਸ ਸਮਾਗਮ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਤੋਂ ਬਗੈਰ ਸ਼੍ਰੋਮਣੀ ਕਮੇਟੀ ਦਾ ਕੋਈ ਹੋਰ ਅਧਿਕਾਰੀ ਹਾਜ਼ਰ ਨਹੀਂ ਸੀ। ਜਦੋਂਕਿ ਦੂਜੇ ਪਾਸੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪੁੱਜੇ ਹੋਏ ਸਨ। ਦਿਲਾਵਰ ਸਿੰਘ ਦਾ ਭਰਾ ਚਮਕੌਰ ਸਿੰਘ, ਉਸ ਦੀ ਪਤਨੀ ਤੇ ਬੇਟੀ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦਿੱਤੇ ਗਏ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਵਧਾਵਾ ਸਿੰਘ ਬੱਬਰ ਵੱਲੋਂ ਭੇਜੇ ਗਏ ਸੁਨੇਹੇ ਵੀ ਪੜ੍ਹੇ ਗਏ। ਇਸ ਮੌਕੇ ਅਕਾਲ ਤਖ਼ਤ ’ਤੇ ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ, ਭਿੰਡਰਾਂਵਾਲਾ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਬੁਲਾਰਿਆਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਤਿੱਖੇ ਹਮਲੇ ਕੀਤੇ।