ਅੰਮ੍ਰਿਤਸਰ, 23 ਜਨਵਰੀ
ਅਕਾਲ ਤਖ਼ਤ ਸਾਹਿਬ ਵੱਲੋਂ ਇਤਰਾਜ਼ਯੋਗ ਵੀਡੀਓ ਮਾਮਲੇ ’ਚ ਤਲਬ ਕੀਤੇ ਗਏ ਚਰਨਜੀਤ ਸਿੰਘ ਚੱਢਾ ਕੱਲ ਪੰਜ ਸਿੰਘ ਸਾਹਿਬਾਨ ਮੂਹਰੇ ਪੇਸ਼ ਹੋਣਗੇ। ਇਸ ਦੌਰਾਨ ਅੱਜ ਦੇਰ ਸ਼ਾਮ ਨੂੰ ਚੱਢਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਫਤਹਿਗੜ੍ਹ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਨਾ ਰੱਖਣ ਦਾ ਮਾਮਲਾ ਵੀ ਅਕਾਲ ਤਖ਼ਤ ਸਾਹਿਬ ’ਤੇ ਵਿਚਾਰਿਆ ਜਾਵੇਗਾ।
ਅਕਾਲ ਤਖ਼ਤ ਸਾਹਿਬ ’ਤੇ ਚੱਢਾ ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੋਇਆ ਹੈ। ਪੇਸ਼ੀ ਤੋਂ ਪਹਿਲਾਂ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਵੀ ਆਖਿਆ ਗਿਆ ਸੀ। ਪਹਿਲਾਂ ਉਹ ਅਸਤੀਫ਼ਾ ਦੇਣ ਲਈ ਸਹਿਮਤ ਨਹੀਂ ਸਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਦਬਾਅ ਵੀ ਪਾਇਆ ਗਿਆ ਸੀ। ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਚੱਢਾ ਵੱਲੋਂ ਅਸਤੀਫ਼ਾ ਦੇਣ ਸਬੰਧੀ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਪੱਤਰ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੇ ਹਰ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ। ਉਂਜ ਚੀਫ਼ ਖ਼ਾਲਸਾ ਦੀਵਾਨ ਵੱਲੋਂ ਇਹ ਮਾਮਲਾ ਵਿਚਾਰਨ ਲਈ ਪੰਜ ਫਰਵਰੀ ਨੂੰ ਕਾਰਜ ਸਾਧਕ ਕਮੇਟੀ ਅਤੇ 6 ਫਰਵਰੀ ਨੂੰ ਜਨਰਲ ਹਾਊਸ ਮੀਟਿੰਗ ਸੱਦੀ ਜਾ ਚੁੱਕੀ ਹੈ।
ਇਸ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਮਨਜੀਤ ਸਿੰਘ ਭੋਮਾ ਤੇ ਸਰਬਜੀਤ ਸਿੰਘ ਜੰਮੂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਯਾਦ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਭਲਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਅਸ਼ਲੀਲ ਵੀਡਿਓ ਮਾਮਲੇ ’ਤੇ ਕਾਰਵਾਈ ਕਰਦਿਆਂ ਚਰਨਜੀਤ ਸਿੰਘ ਚੱਢਾ ਖਿਲਾਫ਼ ਪੰਥਕ ਰਵਾਇਤਾਂ ਅਨੁਸਾਰ ਮਿਸਾਲੀ ਕਾਰਵਾਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵਾਂਗ  ਇਸ ਨੂੰ ਵੀ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ।