ਕੌਮ ਦੇ ਨਾਂ ਸੰਦੇਸ਼ ਦੇਣ ਮੌਕੇ ਹੋਇਆ ਹੰਗਾਮਾ; ਜਥੇਦਾਰ ਨੇ ਕਾਹਲੀ ’ਚ ਸੰਦੇਸ਼ ਸਮਾਪਤ ਕੀਤਾ
ਫ਼ਤਹਿਗੜ੍ਹ ਸਾਹਿਬ, 29 ਦਸੰਬਰ
ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੇ ਸ਼ਹੀਦੀ ਜੋੜ ਮੇਲ ਦੇ ਤੀਜੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਸ਼ਹੀਦੀ ਨਗਰ ਕੀਰਤਨ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਸਮੇਤ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ, ਧਾਰਮਿਕ ਸਭਾਵਾਂ ਤੇ ਸੁਸਾਇਟੀਆਂ, ਨਿਹੰਗ ਸਿੰਘ ਦਲਾਂ, ਗੁਰਮਤਿ ਟਕਸਾਲਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਸਜਾਇਆ ਗਿਆ।
ਰਵਾਇਤ ਅਨੁਸਾਰ ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਵਿੱਚ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਨਾਂ ਸੰਦੇਸ਼ ਦੇ ਰਹੇ ਸਨ ਤਾਂ ਸੰਗਤ ਵਿੱਚੋਂ ਹੀ ਕੁੱਝ ਨਿਹੰਗ ਸਿੰਘਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੰਗਤ ਨੇ ਉਨ੍ਹਾਂ ਦਾ ਭਾਸ਼ਣ ਰੋਕਣ ਲਈ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਨਿਹੰਗ ਸਿੰਘ ਜੈਕਾਰੇ ਲਾਉਂਦੇ ਹੋਏ ਸਟੇਜ ਵੱਲ ਵਧ ਰਹੇ ਸਨ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਉਨ੍ਹਾਂ ਦੇ ਸਟੇਜ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਸੰਦੇਸ਼ ਸਮਾਪਤ ਕਰ ਦਿੱਤਾ। ਇਸ ਦੌਰਾਨ ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਗੁਰਮੁੱਖ ਸਿੰਘ ਵਾਸੀ ਆਨੰਦਪੁਰ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿਵਾਉਂਦੇ? ਉਨ੍ਹਾਂ ਕਿਹਾ ਕਿ ਬਾਦਲਾਂ ਦੀ ਜੇਬ ਵਿੱਚੋਂ ਨਿਕਲਿਆ ਜਥੇਦਾਰ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਜਥੇਦਾਰ ਕਰਨੈਲ ਸਿੰਘ ਪੰਜੋਲੀ ਸਮੇਤ ਕੁਝ ਐੱਸਜੀਪੀਸੀ ਮੈਂਬਰਾਂ ਅਤੇ ਸੰਗਤ ਨੇ ਨਿਹੰਗ ਸਿੰਘਾਂ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ।
ਕੌਮ ਦੇ ਨਾਂ ਸੰਦੇਸ਼ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ, ਉੱਥੇ ਹੀ ਪੰਥ ਵਿਰੋਧੀ ਲੋਕਾਂ ਦੀਆਂ ਚਾਲਾਂ ਤੋਂ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਕੁਝ ਮੁੱਠੀ ਭਰ ਲੋਕ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਤੋੜਨ ਦਾ ਯਤਨ ਕਰ ਰਹੇ ਹਨ ਅਤੇ ਇਨ੍ਹਾਂ ਲੋਕਾਂ ਦਾ ਮੰਤਵ ਕੇਵਲ ਪੰਥ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਕੇਂਦਰੀ ਧੁਰੇ ਨਾਲੋਂ ਤੋੜਨ ਲਈ ਕਈ ਸ਼ਕਤੀਆਂ ਆਈਆਂ ਪਰ ਹਰੇਕ ਨੂੰ ਮੂੰਹ ਦੀ ਖਾਣੀ ਪਈ।
ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੌਮ ਲਈ ਮਾਰਗ ਦਰਸ਼ਕ ਹੈ ਅਤੇ ਸਮੁੱਚੀ ਕੌਮ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਯਤਨ ਕਰੇ। ਉਨ੍ਹਾਂ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖ਼ਤ ਦੇ ਝੰਡੇ ਹੇਠ ਇਕੱਤਰ ਹੋਣ ਦੀ ਅਪੀਲ ਕੀਤੀ।