ਪਠਾਨਕੋਟ, 4 ਅਕੂਤਬਰ
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਹੱਕ ਵਿੱਚ ਕਸਬਾ ਘਰੋਟਾ ਵਿੱਚ ਚੋਣ ਰੈਲੀ ਦੌਰਾਨ ਕਿਹਾ ਕਿ ਭਾਜਪਾ ਤੇ ਕਾਂਗਰਸ ਦੇ ਕੌਮੀ ਨੇਤਾ ਨਰਿੰਦਰ ਮੋਦੀ, ਅਮਿਤ ਸ਼ਾਹ, ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਲਈ ਨਹੀਂ ਆਉਣਗੇ ਤਾਂ ‘ਆਪ’ ਦਾ ਕੋਈ ਕੌਮੀ ਨੇਤਾ ਜਾਂ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਨਹੀਂ ਆਉਣਗੇ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਆਪਸੀ ਤਾਲਮੇਲ ਨਾਲ ਸਰਕਾਰ ਚਲਾ ਰਹੇ ਹਨ ਤੇ ਤੀਜੀ ਧਿਰ ‘ਆਪ’ ਦੇ ਆਉਣ ਨਾਲ ਇਨ੍ਹਾਂ ਵਿੱਚ ਖੌਫ਼ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਦੀ ਕੁਰਬਾਨੀਆਂ ਵਾਲੀ ਪਾਰਟੀ ਕਿਹਾ ਜਾਂਦਾ ਸੀ, ਜੋ ਹੁਣ ਅਪਰਾਧੀਆਂ ਦੀ ਪਾਰਟੀ ਬਣ ਗਈ ਹੈ। ਉਨ੍ਹਾਂ ਕਾਂਗਰਸ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਤੋਂ ਜਨਤਾ ਦਾ 6 ਮਹੀਨਿਆਂ ਵਿੱਚ ਹੀ ਮੋਹ ਭੰਗ ਹੋ ਗਿਆ ਹੈ।