ਚੰਡੀਗੜ੍ਹ, 20 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੀ ਸਿਆਸੀ ਭਾਈਵਾਲੀ ਨੂੰ ਕੋਈ ਖ਼ਤਰਾ ਨਹੀਂ ਹੈ। ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪਰਖਿਆ ਹੋਇਆ ਅਤੇ ਪੁਰਾਣਾ ਭਾਈਵਾਲ ਹੈ। ਇਸ ਲਈ ਇਸ ਪਾਰਟੀ ਨਾਲ ਸਾਂਝ ਟੁੱਟਣ ਦੇ ਕੋਈ ਆਸਾਰ ਨਹੀਂ ਹਨ।
ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਪੁਗਾਉਣ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਮਯਾਬ ਨਹੀਂ ਹੋਏ। ਇਸ ਲਈ ਪਾਰਟੀ ਵੱਲੋਂ ਕਾਂਗਰਸ ਸਰਕਾਰ ਵਿਰੁਧ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਨੂੰ ‘ਪੰਜਾਬ ਛੱਡੋ ਜਾਂ ਕੰਮ ਕਰੋ’ ਦਾ ਨਾਅਰਾ ਦਿੱਤਾ ਜਾਵੇਗਾ। ਸ੍ਰੀ ਮਲਿਕ ਨੇ ਮੋਦੀ ਸਰਕਾਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ। ਭਗਵਾ ਪਾਰਟੀ ’ਤੇ ਫਿਰਕਾਪ੍ਰਸਤੀ ਨੂੰ ਸ਼ਹਿ ਦੇਣ ਦੇ ਦੋਸ਼ਾਂ ਦੇ ਉਲਟ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਾਂਗਰਸ ਪਾਰਟੀ ਉਪਰ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਮੁਤਾਬਕ ਰਾਜਨੀਤੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਫਗਵਾੜਾ ਵਿੱਚ ਦੋ ਫਿਰਕਿਆਂ ਵਿਚਾਲੇ ਪੈਦਾ ਹੋਇਆ ਤਣਾਅ ਕਾਂਗਰਸ ਸਰਕਾਰ ਦੀ ਇਸੇ ਨੀਤੀ ਦਾ ਹਿੱਸਾ ਹੈ ਤੇ ਪਾਰਟੀ ਨੇ ਸਾਰੇ ਮਾਮਲੇ ਦੀ ਵਿਸ਼ੇਸ਼ ਜਾਂਚ ਮੰਗੀ ਹੈ। ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਦਲਿਤ ਵਿਰੋਧੀ ਨੀਤੀ ਕਾਰਨ ਹੀ ਦੇਸ਼ ਵਿੱਚ ਅਹਿਮ ਥਾਵਾਂ ’ਤੇ ਦਲਿਤ ਅਤੇ ਦੱਬੇ ਕੁਚਲੇ ਵਰਗਾਂ ਨਾਲ ਸਬੰਧਤ ਲੋਕ ਮੂਹਰੇ ਨਹੀਂ ਆ ਸਕੇ।
ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਲੋਕਾਂ ’ਤੇ ਟੈਕਸਾਂ ਦਾ ਭਾਰ ਲੱਦਣ ਤੋਂ ਬਿਨਾਂ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਮਿਲਦੇ ਤੱਕ ਨਹੀਂ ਅਤੇ ਸਰਕਾਰ ਸਿਰਫ਼ ਅਫਸਰਸ਼ਾਹੀ ਦੇ ਸਹਾਰੇ ਛੱਡੀ ਹੋਈ ਹੈ। ਇੱਥੋਂ ਤੱਕ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇੱਕ ਵਿਧਾਇਕ ਜੇਕਰ ‘ਚਿੱਟੇ’ ਦੀ ਵਿਕਰੀ ਜਾਰੀ ਰਹਿਣ ਦੇ ਦੋਸ਼ ਲਾਉਂਦਾ ਹੈ ਤਾਂ ਇੱਕ ਮੰਤਰੀ ਨਾਜਾਇਜ਼ ਖਣਨ ਦੀ ਗੱਲ ਕਰਕੇ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹੀ ਹੈ ਕਿ ਇਸ ਪਾਰਟੀ ਦਾ ਸਾਰੇ ਦੇਸ਼ ਵਿੱਚੋਂ ਸਫ਼ਾਇਆ ਹੋ ਰਿਹਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਬਿਹਤਰੀਨ ਪ੍ਰਧਾਨ ਮੰਤਰੀ ਦੱਸਿਆ।
ਚੰਡੀਗੜ੍ਹ ਅਤੇ ਪਾਣੀਆਂ ਦੇ ਮੁੱਦੇ ’ਤੇ ਭਾਜਪਾ ਦਾ ਸਟੈਂਡ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਪਾਰਟੀ ਪੂਰੀ ਤਰ੍ਹਾਂ ਪੰਜਾਬ ਸਰਕਾਰ ਦਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵੀ ਲੋੜੀਂਦੀ ਤਬਦੀਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਪਾਰਟੀ ਨੂੰ ਪੂਰੀ ਤਰ੍ਹਾਂ ਜਥੇਬੰਦ ਕੀਤਾ ਜਾਵੇਗਾ।