ਚੰਡੀਗੜ•/16 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਇੱਕ ਤੋਂ ਬਾਅਦ ਇੱਕ ਲਾਉਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਵਿੱਤੀ ਪ੍ਰਬੰਧ ਚਲਾਉਣ ਵਿਚ ਸਰਕਾਰ ਦੀਆਂ ਨਾਲਾਇਕੀਆਂ ਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਟਰਾਂਸਪੋਰਟ ਵਾਹਨਾਂ ਦੇ ਕਿਰਾਏ ਉੱਤੇ ਲਾਇਆ ਦਸ ਫੀਸਦੀ ਸਰਚਾਰਜ ਅਤੇ ਨਵੇਂ ਖਰੀਦੇ ਵਾਹਨਾਂ ਦੀ ਰਜਿਸਟਰੇਸ਼ਨ ਫੀਸ ਵਿਚ ਕੀਤਾ ਗਿਆ ਵਾਧਾ ਆਮ ਆਦਮੀ ਉਤੇ ਤਾਜ਼ੇ ਟੈਕਸਾਂ ਦੇ ਰੂਪ ਵਿਚ ਪਾਇਆ ਗਿਆ ਨਵਾਂ ਬੋਝ ਹੈ। ਇਸ ਤੋਂ ਪਹਿਲਾਂ ਸੂਬੇ ਦੇ ਲੋਕ ਕਾਂਗਰਸੀ ਹਕੂਮਤ ਅਧੀਨ ਬਿਜਲੀ ਦਰਾਂ ਵਿਚ 20 ਫੀਸਦੀ ਵਾਧੇ ਤੋਂ ਇਲਾਵਾ ਮਿਉਂਸੀਪਲਾਂ ਟੈਕਸਾਂ ਦਾ ਬੋਝ ਸਹਿ ਰਹੇ ਹਨ। ਉਹਨਾਂ ਕਿਹਾ ਕਿ ਤਾਜ਼ਾ ਟੈਕਸ ਸਮਾਜ ਭਲਾਈ ਸਕੀਮਾਂ ਲਈ ਫੰਡ ਜੁਟਾਉਣ ਦੇ ਬਹਾਨੇ ਥੋਪੇ ਰਹੇ ਹਨ ਜਦਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਇਹਨਾਂ ਸਮਾਜ ਭਲਾਈ ਸਕੀਮਾਂ ਨੂੰ ਲੋਕਾਂ ਉੱਤੇ ਬਗੈਰ ਵਾਧੂ ਬੋਝ ਪਾਏ ਚਲਾਇਆ ਜਾ ਰਿਹਾ ਸੀ। ਇਸ ਤੋਂ ਸਾਡੀ ਦਲੀਲ ਸਹੀ ਸਾਬਿਤ ਹੁੰਦੀ ਹੈ ਕਿ ਸਰਕਾਰ ਦੀਆਂ ਮਾੜੀਆਂ ਵਿੱਤੀ ਨੀਤੀਆਂ ਹੀ ਸੂਬੇ ਦੀ ਖਸਤਾ ਵਿੱਤੀ ਹਾਲਤ ਲਈ ਜ਼ਿੰਮੇਵਾਰ ਹਨ।
ਇਹ ਟਿੱਪਣੀ ਕਰਦਿਆਂ ਕਿ ਸਰਕਾਰ ਵੱਲੋਂ ਟਰਾਂਸਪੋਰਟ ਵਾਹਨਾਂ ਦੀ ਆਵਾਜਾਈ ਉੱਤੇ ਲਾਏ ਗਏ 10 ਫੀਸਦੀ ਸਰਚਾਰਜ ਨਾਲ ਪੰਜਾਬ ਅੰਦਰ ਨਿਰਮਾਣ ਅਤੇ ਕਾਰੋਬਾਰੀ ਸੈਕਟਰ ਉਤੇ ਬਹੁਤ ਹੀ ਮਾੜਾ ਅਸਰ ਪਵੇਗਾ, ਸਰਦਾਰ ਢੀਂਡਸਾ ਨੇ ਕਿਹਾ ਕਿ ਇਹ ਉਦਯੋਗਾਂ ਲਈ ਦੂਹਰੀ ਸੱਟ ਹੈ, ਜਿਹੜੇ ਕਿ ਪਹਿਲਾਂ ਹੀ ਸਰਕਾਰ ਵੱਲੋਂ ਵਾਅਦੇ ਮੁਤਾਬਿਕ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਨਾ ਦੇਣ ਕਰਕੇ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਉਹਨਾਂ ਕਿਹਾ ਕਿ ਰਜਿਸਟਰੇਸ਼ਨ ਫੀਸ ਵਿਚ ਵਾਧਾ ਕਰਨ ਦਾ ਉਲਟਾ ਅਸਰ ਹੋ ਸਕਦਾ ਹੈ ਜਿਸ ਤਹਿਤ ਲੋਕ ਦਾ ਝੁਕਾਅ ਗੁਆਂਢੀ ਰਾਜਾਂ ਅਤੇ ਚੰਡੀਗੜ• ਵਿਚ ਵਾਹਨਾਂ ਦੀ ਰਜਿਸਟਰੇਸ਼ਨ ਕਰਵਾਉਣ ਵੱਲ ਹੋ ਸਕਦਾ ਹੈ।
ਇਹ ਕਹਿੰਦਿਆਂ ਕਿ ਸਰਕਾਰ ਦੀਆਂ ਨਲਾਇਕੀਆਂ ਦਾ ਖਮਿਆਜ਼ਾ ਆਮ ਆਦਮੀ ਕਿਉਂ ਭੁਗਤੇ, ਸਰਦਾਰ ਢੀਂਡਸਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਸਰਕਾਰ ਮਾਲੀਆ ਇਕੱਠਾ ਕਰਨ ਦੀ ਕੋਈ ਟੀਚਾ ਪੂਰਾ ਨਹੀਂ ਕਰ ਪਾਈ ਹੈ। ਉਹਨਾਂ ਕਿਹਾ ਕਿ ਐਕਸਾਈਜ਼ ਅਤੇ ਸਟੈਂਪ ਡਿਊਟੀ ਵਿਚ ਗਿਰਾਵਟ ਵੇਖਣ ਨੂੰ ਮਿਲੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮੰਤਰੀਆਂ ਦੇ ਬੰਗਲਿਆਂ ਦੀ ਸਜਾਵਟ ਅਤੇ ਲਗਜ਼ਰੀ ਗੱਡੀਆਂ ਖਰੀਦਣ ਉਤੇ ਪੈਸਾ ਪਾਣੀ ਵਾਂਗ ਰੋੜਿ•ਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਲੋਕਾਂ ਦੀਆਂ ਤਕਲੀਫਾਂ ਪ੍ਰਤੀ ਲਾਪਰਵਾਹ ਹੋਈ ਬੈਠੀ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਟੈਕਸਾਂ ਦੇ ਬੋਝ ਥੱਲੇ ਕੁਚਲਣ ਉੱਤੇ ਤੁਲੀ ਹੋਈ ਹੈ।
ਪਿਛਲੇ ਡੇਢ ਸਾਲ ਦੌਰਾਨ ਬਿਜਲੀ ਦਰਾਂ ਵਿਚ ਕੀਤੇ ਵਾਧਿਆਂ ਸਣੇ ਸਾਰੇ ਨਵੇਂ ਟੈਕਸਾਂ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਇਹਨਾਂ ਅਣਮਨੁੱਖੀ ਅਤੇ ਅਸਹਿ ਟੈਕਸਾਂ ਨੂੰ ਵਾਪਸ ਲੈਣ ਵਾਸਤੇ ਮਜ਼ਬੂਰ ਕਰਨ ਲਈ ਇੱਕ ਲੋਕ ਅੰਦੋਲਨ ਵਿੱਢੇਗਾ।