ਗੁਰਦਾਸਪੁਰ, ‘ਆਮ ਆਦਮੀ ਪਾਰਟੀ’ ਵੱਲੋਂ ਸੂਬਾਈ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਮਗਰੋਂ ‘ਆਪਣਾ ਪੰਜਾਬ ਪਾਰਟੀ’ (ਏਪੀਪੀ) ਬਣਾਉਣ ਵਾਲੇ ਸਾਬਕਾ ਵਿਧਾਇਕ ਸੁੱਚਾ ਸਿੰਘ ਛੋਟੇਪੁਰ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਲਈ ਹੈ। ਪਾਰਟੀ ਆਗੂਆਂ ਨੇ ਮੰਗਲਵਾਰ ਨੂੰ ਇੱਥੇ ਉਨ੍ਹਾਂ ਨਾਲ ਗੁਪਤ ਮੁਲਾਕਾਤ ਕੀਤੀ। ਸੂਤਰਾਂ ਨੇ ਦਾਅਵਾ ਕੀਤਾ ਕਿ ਸੀਨੀਅਰ ਆਗੂਆਂ ਨਾਲ ਮੁਲਾਕਾਤ ਦਾ ਮਤਲਬ ਉਨ੍ਹਾਂ ਦੀ ਆਪਣੀ ‘ਪਿੱਤਰੀ ਪਾਰਟੀ’ ਵਿੱਚ ਵਾਪਸੀ ਹੈ।
ਇਸ ਬਾਰੇ ਸ੍ਰੀ ਛੋਟੇਪੁਰ ਨੇ ਕਿਹਾ ਕਿ ‘‘ਮੈਂ 6 ਅਕਤੂਬਰ ਨੂੰ ਆਖ਼ਰੀ ਫੈਸਲਾ ਲਵਾਂਗਾ।’’ ਸੂਤਰਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਜਿਹੜੇ ਇਨ੍ਹੀਂ ਦਿਨੀਂ ਇਸ ਹਲਕੇ ਵਿੱਚ ਪ੍ਰਚਾਰ ਵਿੱਚ ਜੁਟੇ ਹੋਏ ਹਨ। ਇਸ ਵਾਪਸੀ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ ਪਰਦੇ ਦੇ ਪਿੱਛੇ ਹੋ ਕੇ ਕੰਮ ਕਰਨ ਵਾਲਿਆਂ ਵਿੱਚ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਦਲਜੀਤ ਸਿੰਘ ਚੀਮਾ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਸਲਾਹਕਾਰ ਚਰਨਜੀਤ ਸਿੰਘ ਬਰਾੜ ਸ਼ਾਮਲ ਹਨ। ਅਕਾਲੀ ਲੀਡਰਸ਼ਿਪ ‘ਏਪੀਪੀ’ ਮੁਖੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਇਸ ਗੱਲੋਂ ਰੁਚੀ ਦਿਖਾ ਰਹੀ ਹੈ ਕਿਉਂਕਿ ਸੁੱਚਾ ਸਿੰਘ ਲੰਗਾਹ ਦੇ ਅਸਤੀਫ਼ੇ ਤੋਂ ਬਾਅਦ ਡੇਰਾ ਬਾਬਾ ਨਾਨਕ ਹਲਕੇ ਵਿੱਚ ਇਕ ਖੱਪਾ ਪੈਦਾ ਹੋ ਗਿਆ ਹੈ। ਇਸ ਹਲਕੇ ਵਿੱਚ ਸ੍ਰੀ ਛੋਟੇਪੁਰ ਦਾ ਕਾਫ਼ੀ ਪ੍ਰਭਾਵ ਹੈ।