ਸ਼ਾਹਕੋਟ\ਅੰਮ੍ਰਿਤਸਰ — ਸ਼ਾਹਕੋਟ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ ਜਾਰੀ ਹੈ, ਜਿਸ ‘ਚ ਅੱਠਵੇਂ ਰਾਊਂਡ ਤੱਕ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੋਧੀਆਂ ਨੂੰ ਪਛਾੜਦੇ ਹੋਏ ਜਿੱਤ ਵੱਲ ਵੱਧਦੇ ਨਜ਼ਰ ਆ ਰਹੇ ਹਨ। ਉਥੇ ਹੀ ਕਾਂਗਰਸੀ ਆਗੂ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਰ ਜਗ੍ਹਾ ਹਾਰ ਤੈਅ ਹੈ ਤੇ ਸ਼ਾਹਕੋਟ ਦੇ ਲੋਕਾਂ ਨੇ ਅਕਾਲੀਆਂ ਦਾ ਹੰਕਾਰ ਤੋੜਿਆ ਹੈ। ਇਹ ਹੀ ਨਹੀਂ ਸਿੱਧੂ ਨੇ ਇਥੋਂ ਤਕ ਕਹਿ ਦਿੱਤਾ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਪਣੇ ਬਿਆਨ ‘ਚ ਕਿਹਾ ਕਿ ਸ਼ਾਹਕੋਟ ਦੇ ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ ‘ਤੇ ਮੋਹਰ ਲਗਾਈ ਹੈ, ਜਿਸ ਦੇ ਚਲਦਿਆਂ ਲਾਡੀ ਸ਼ੇਰੋਵਾਲੀਆ ਵੱਡੀ ਜਿੱਤ ਦਰਜ ਕਰਨਗੇ।