ਅੰਮ੍ਰਿਤਸਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਭੇਟ ਕੀਤੇ ਹਨ, ਜਿਨ੍ਹਾਂ ਦੀ ਕਣਕ ਦੀ ਫ਼ਸਲ ਅਪਰੈਲ-ਮਈ ਵਿੱਚ ਸ਼ਾਰਟ ਸਰਕਟ ਕਾਰਨ ਨਸ਼ਟ ਹੋ ਗਈ ਸੀ। ਉਨ੍ਹਾਂ ਆਪਣੀ ਨਿੱਜੀ ਜੇਬ ਵਿੱਚੋਂ 15 ਲੱਖ ਰੁਪਏ ਦੇ ਚੈੱਕ ਅਜਨਾਲਾ ਉਪ ਮੰਡਲ ਦੇ ਪਿੰਡਾਂ ਦੇ ਕਿਸਾਨਾਂ ਨੂੰ ਦਿੱਤੇ। ਬੀਤੇ ਦਿਨੀਂ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰ-ਸ਼ੋਰ ਨਾਲ ਉਭਾਰਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਸ੍ਰੀ ਸਿੱਧੂ ਨੇ ਮੁਆਵਜ਼ੇ ਦੇ ਚੈੱਕ ਦਿੱਤੇ।
ਇਸ ਮੌਕੇ ਉਨ੍ਹਾਂ ਭਾਜਪਾ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਸਬੰਧੀ ਲਏ ਫ਼ੈਸਲੇ ਕਾਰਨ ਸੂਬਾ ਆਰਥਿਕ ਤੰਗੀ ’ਚੋਂ ਲੰਘ ਰਿਹਾ ਹੈ। ਪਿਛਲੇ ਛੇ ਮਹੀਨਿਆਂ ਵਿੱਚ ਸੂਬੇ ਨੇ ਆਪਣੇ ਹਿੱਸੇ ਦੇ 1800 ਕਰੋੜ ਰੁਪਏ ਵਿੱਚੋਂ ਸਿਰਫ਼ 450 ਕਰੋੜ ਰੁਪਏ ਦਾ ਹਿੱਸਾ ਪ੍ਰਾਪਤ ਕੀਤਾ ਹੈ। ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਘਟਨਾਕ੍ਰਮ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਅਜਿਹੇ ਆਗੂਆਂ ਨੂੰ ਹੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਦਕਿ ਰਵਾਇਤੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਹੋਰਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਵਾਸਤੇ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੇ ਕਿਰਦਾਰ ਵਾਲੇ ਆਗੂਆਂ ਦੀ ਘਾਟ ਪੈਦਾ ਹੋ ਗਈ ਹੈ। ਗੁਰਦਾਸਪੁਰ ਜ਼ਿਮਨੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਲੰਗਾਹ ਘਟਨਾਕ੍ਰਮ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਦੀ ਸਥਿਤੀ ਕਮਜ਼ੋਰ ਹੋ ਗਈ ਹੈ।