ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਕਾਂਗਰਸ ਦੇ ਅਕਾਲੀ ਆਗੂਆਂ ਨੂੰ ਪਿੰਡਾਂ ‘ਚ ਨਾ ਵੜਨ ਦੇਣ ਵਾਲੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਾਰੇ ਵਿਧਾਨ ਸਭਾ ਹਲਕਿਆਂ ‘ਚ ਹਲਕਾ ਪੱਧਰੀ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਾਂਗਰਸ ਪਾਰਟੀ ਤੇ ਇਸ ਦੇ ਸਮੁੱਚੇ ਟੋਲੇ, ਜਿਸ ‘ਚ ਗਰਮਖ਼ਿਆਲੀ ਤੇ ਆਪ ਆਗੂ ਸ਼ਾਮਲ ਹਨ, ਦੇ ਖ਼ਿਲਾਫ 1 ਸਤੰਬਰ ਤੋਂ ਹਲਕਾ ਪੱਧਰੀ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 9 ਸਤੰਬਰ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਹੰਕਾਰ ਤੋੜਨ ਲਈ ਅਬੋਹਰ ਵਿਖੇ ‘ਪੋਲ ਖੋਲ੍ਹ’ ਰੈਲੀ ਕਰਨ ਦਾ ਫੈਸਲਾ ਕੀਤਾ ਹੈ।

ਪਾਰਟੀ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਜ਼ਿਲਾ ਆਬਜ਼ਰਵਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਸੰਸਥਾਵਾਂ ਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਰਚੀ ਸਾਜ਼ਿਸ਼ ਦਾ ਠੋਕਵਾਂ ਜੁਆਬ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ 1 ਸਤੰਬਰ ਨੂੰ ਮੁਜ਼ਾਹਰੇ ਕੀਤੇ ਜਾਣਗੇ, ਜਿਨ੍ਹਾਂ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੀ. ਪੀ. ਸੀ. ਮੁਖੀ ਸੁਨੀਲ ਜਾਖੜ ਦੇ ਪੁਤਲੇ ਸਾੜੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਵੱਲੋਂ ਦਿੱਤੀ ਧਮਕੀ ਕਿ ਅਕਾਲੀ ਆਗੂਆਂ ਨੂੰ ਪਿੰਡਾਂ ‘ਚ ਵੜਨ ਨਹੀਂ ਦਿੱਤਾ ਜਾਵੇਗਾ, ਦਾ ਠੋਕਵਾਂ ਜੁਆਬ ਦੇਣ ਲਈ 9 ਸਤੰਬਰ ਨੂੰ ਜਾਖੜ ਦੇ ਸ਼ਹਿਰ ਅਬੋਹਰ ਵਿਖੇ ‘ਪੋਲ ਖੋਲ੍ਹ’ ਰੈਲੀ ਕੀਤੀ ਜਾਵੇਗੀ।

ਬਾਦਲ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਪਾਰਟੀ ਵੱਲੋਂ ਗਰਮਖ਼ਿਆਲੀ ਜਥੇਦਾਰਾਂ ਅਤੇ ਆਪ ਆਗੂ ਸੁਖਪਾਲ ਖਹਿਰਾ ਨਾਲ ਮਿਲ ਕੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਰਚੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਸੁਨੀਲ ਜਾਖੜ ਦੀ ਪੋਲ ਖੋਲ੍ਹਣ ਦਾ ਫੈਸਲਾ ਕੀਤਾ ਹੈ, ਜਿਹੜਾ ਕਿ ਅਕਾਲੀ ਆਗੂਆਂ ਵਿਰੁੱਧ ਹਿੰਸਾ ਭੜਕਾਉਣ ਤੇ ਸੂਬੇ ਨੂੰ ਮੁੜ ਅੱਤਵਾਦ ਵੱਲ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੀਟਿੰਗ ‘ਚ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਬੀਬੀ ਉਪਿੰਦਰਜੀਤ ਕੌਰ, ਨਿਰਮਲ ਸਿੰਘ ਕਾਹਲੋਂ, ਸੇਵਾ ਸਿੰਘ ਸੇਖਵਾਂ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ ਆਦਿ ਸ਼ਾਮਲ ਸਨ।