ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
ਮੇਲਾ ਮਾਘੀ ਮੌਕੇ ਅਕਾਲੀ ਦਲ ਦੀ ਕਾਨਫਰੰਸ ਵਿੱਚ ਕਾਂਗਰਸ ਦੇ ਦਸ ਮਹੀਨਿਆਂ ਦੇ ਕਾਰਜਕਾਲ ਦੀ ਰੱਜ ਕੇ ਚੀਰਫਾੜ ਕੀਤੀ ਗਈ ਤੇ ਸਿੱਟਾ ਕੱਢਿਆ ਗਿਆ ਕਿ ਕਾਂਗਰਸ ਨੇ ਕਿਸੇ ਦਾ ਕੋਈ ਭਲਾ ਨਹੀਂ ਕੀਤਾ। ਆਗੂਆਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਰੱਜ ਕੇ ਵਿਕਾਸ ਕੀਤਾ ਹੈ।
ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀਆਂ ਕਮੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਜੋ ਕਿਹਾ, ਉਹ ਕਰ ਕੇ ਵਿਖਾਇਆ। ਕਰਜ਼ਾ ਮੁਆਫ਼ੀ ਦੀ ਨਿਗੂਣੀ ਰਾਹਤ ’ਤੇ ਵੀ ਉਨ੍ਹਾਂ ਚੋਟ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਅਸਲੋਂ ਹੀ ਵਿਸਾਰ ਦਿੱਤਾ ਹੈ।
ਉਨ੍ਹਾਂ ਕਾਂਗਰਸ ਦੇ ਰਾਜ ’ਚ ਲੋਕਾਂ ਕੋਲੋਂ ਨਜ਼ਰਾਨਾ ਵਸੂਲੀ ਦੇ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਬਠਿੰਡਾ ਦੇ ਲੋਕਾਂ ਤੋਂ ਮਨਪ੍ਰੀਤ ਸਿੰਘ ਦਾ ਸਾਲਾ ਕਥਿਤ ਤੌਰ ’ਤੇ ਗੁੰਡਾ ਟੈਕਸ ਉਗਰਾਉਂਦਾ ਹੈ, ਜੋ ‘ਜੋਜੋ ਟੈਕਸ’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਮਲੋਟ ਤੋਂ ਵਿਧਾਇਕ ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ’ਤੇ ਵੀ ਵਿਅੰਗ ਕਰਦਿਆਂ ਉਨ੍ਹਾਂ ਨੂੰ ‘ਆਲ ਪਾਰਟੀ ਮੈਨ’ ਦੱਸਿਆ। ਸਾਬਕਾ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਖ਼ਰੀਆਂ ਖਰੀਆਂ ਸੁਣਾਈਆਂ। ਕਾਨਫਰੰਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਗ਼ੈਰਹਾਜ਼ਰ ਰਹਿਣਾ ਵੀ ਚਰਚਾ ਦਾ ਵਿਸ਼ਾ ਰਿਹਾ।
ਸਾਂਪਲਾ ਵੱਲੋਂ 2019 ਦੀਆਂ ਚੋਣਾਂ ਸਬੰਧੀ ਤਿਆਰ ਰਹਿਣ ਦੀ ਤਾਕੀਦ
ਕਾਨਫਰੰਸ ’ਚ ਪੁੱਜੇ ਸੂਬਾ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ 2019 ਦੀਆਂ ਚੋਣਾਂ ਸਬੰਧੀ ਤਿਆਰ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵਿੱਚ ਮੰਤਰੀ ਅਤੇ ਕਾਂਗਰਸੀ ਆਗੂ ਸ਼ਰ੍ਹੇਆਮ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ।
ਘੱਟ ਗਿਣਤੀਆਂ ’ਤੇ ਵਧ ਰਹੇ ਜ਼ੁਲਮਾਂ ਦੀ ਅਕਾਲੀ ਦਲ (ਅ) ਵੱਲੋਂ ਨਿਖੇਧੀ
ਸ੍ਰੀ ਮੁਕਤਸਰ ਸਾਹਿਬ:ਮੇਲਾ ਮਾਘੀ ਮੌਕੇ ਡੇਰਾ ਭਾਈ ਮਸਤਾਨ ਸਿੰਘ ਵਿੱਚ ਅਕਾਲੀ ਦਲ (ਅ) ਵੱਲੋਂ ਵੀ ਕਾਨਫਰੰਸ ਕੀਤੀ ਗਈ। ਇਸ ਮੌਕੇ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਜਨਰਲ ਸਕੱਤਰ ਅਮਰੀਕ ਸਿੰਘ ਬੱਬੇਵਾਲ, ਪ੍ਰੋ. ਮਹਿੰਦਰਪਾਲ ਸਿੰਘ, ਈਮਾਨ ਸਿੰਘ ਮਾਨ, ਦਿੱਲੀ ਇਕਾਈ ਦੇ ਪ੍ਰਧਾਨ ਸੰਸਾਰ ਸਿੰਘ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ, ਸੁਰਜੀਤ ਸਿੰਘ ਅਰਾਈਆਂਵਾਲਾ ਤੇ ਗੁਰਬਖਸ਼ ਸਿੰਘ ਰੂਬੀ ਨੇ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀਆਂ ’ਤੇ ਜ਼ੁਲਮ ਲਗਾਤਾਰ ਜਾਰੀ ਹਨ। ਇਸ ਮੌਕੇ ਕਈ ਕੌਮੀ ਅਤੇ ਧਾਰਮਿਕ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਜਾਤਪਾਤ ਨੂੰ ਉਭਾਰਨ ਦੇ ਅਮਲਾਂ ਨੂੰ ਹਰ ਕੀਮਤ ’ਤੇ ਖ਼ਤਮ ਕਰਨ, ਅਮਰੀਕਾ, ਕੈਨੇਡਾ, ਬਰਤਾਨੀਆ ਤੇ ਜਰਮਨੀ ਦੇ ਸਿੱਖਾਂ ਵੱਲੋਂ ਗੁਰੂਘਰਾਂ ’ਚ ਭਾਰਤ ਦੇ ਸਰਕਾਰੀ ਅਧਿਕਾਰੀਆਂ ਦੇ ਦਾਖ਼ਲੇ ਦਾ ਸਵਾਗਤ ਕਰਨ, ਪੰਜਾਬ ਦੇ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਦਾ ਸਹੀ ਹੱਲ ਕਰਨ ਦੇ ਮਤੇ ਸ਼ਾਮਲ ਹਨ। ਬੁਲਾਰਿਆਂ ਨੇ ਕਿਹਾ ਧਰਮ ਤੇ ਰਾਜਨੀਤੀ ਇਕੱਠੀ ਹੈ, ਇਸ ਕਰਕੇ ਧਾਰਮਿਕ ਮੇਲਿਆਂ ’ਚ ਰਾਜਨੀਤਕ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਹਨ।