ਕੋਵਲੂਨ, 27 ਨਵੰਬਰ
ਓਲੰਪਿਕ ਤਗ਼ਮਾ ਜੇਤੂ ਤੇ ਦੇਸ਼ ਦੀ ਸਟਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਐਤਵਾਰ ਨੂੰ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਚੀਨੀ ਤਾਿੲਪੈ ਦੀ ਤਾਈ ਜ਼ੂ ਯਿੰਗ ਦੇ ਹੱਥੋਂ ਸਿੱਧੇ ਸੈੱਟਾਂ ’ਚ 18-21, 18-21 ਨਾਲ ਹਾਰ ਕੇ ਚਾਰ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਤੋਂ ਖੁੰਝ ਗਈ। ਤਾਈ ਜ਼ੂ ਯਿੰਗ ਨੇ ਫਾਈਨਲ ’ਚ ਸਿੰਧੂ ਨੂੰ 45 ਮਿੰਟਾਂ ’ਚ ਮਾਤ ਦਿੱਤੀ।
ਇਸ ਜਿੱਤ ਨਾਲ ਹੀ ਚੀਨੀ ਤਾਈਪੇ ਖਿਡਾਰੀ ਨੇ ਰੀਓ ਓਲੰਪਿਕ ਦੀ ਚਾਂਦੀ ਤਗ਼ਮਾ ਜੇਤੂ ਸਿੰਧੂ ਖ਼ਿਲਾਫ਼ ਆਪਣਾ ਕਰੀਅਰ ਰਿਕਾਰਡ 8-3 ਕਰ ਲਿਆ ਹੈ। ਤਾਈ ਜ਼ੂ ਯਿੰਗ ਨੇ ਇਸ ਸਾਲ ਮਾਰਚ ’ਚ ਵੀ ਸਿੰਧੂ ਨੂੰ ਮਾਤ ਦਿੱਤੀ ਸੀ। ਵਿਸ਼ਵ ਦੀ ਨੰਬਰ ਇੱਕ ਖਿਡਾਰਨ ਤਾਈ ਜ਼ੂ ਯਿੰਗ ਦਾ ਇਸ ਸਾਲ ਇਹ ਪੰਜਵਾਂ ਸੁਪਰ ਸੀਰੀਜ਼ ਖ਼ਿਤਾਬ ਹੈ। ਉਸ ਨੇ ਇਸ ਤੋਂ ਪਹਿਲਾਂ ਆਲ ਇੰਗਲੈਂਡ, ਮਲੇਸ਼ੀਆ ਓਪਨ, ਸਿੰਗਾਪੁਰ ਤੇ ਫਰਾਂਸ ਓਪਨ ’ਚ ਖ਼ਿਤਾਬ ਆਪਣੇ ਨਾਂ ਕੀਤੇ ਸੀ।
ਤਾਈ ਜ਼ੂ ਯਿੰਗ ਨੇ ਪਹਿਲੀ ਗੇਮ 21-18 ਤੋਂ ਬੜੀ ਆਸਾਨੀ ਨਾਲ ਜਿੱਤ ਲਈ, ਪਰ ਦੂਜੀ ਗੇਮ ’ਚ ਸਿੰਧ ਨੇ ਇਸ ਸਮੇਂ 10-8 ਦੀ ਲੀਡ ਲੈ ਲਈ ਸੀ। ਹਾਲਾਂਕਿ ਚੀਨੀ ਤਾਈਪੇ ਖਿਡਾਰੀ ਨੇ ਫਿਰ ਸ਼ਾਨਦਾਰ ਵਾਪਸੀ ਕੀਤੀ ਅਤੇ ਸਕੋਰ 11-11 ਨਾਲ ਬਰਾਬਰ ਕਰ ਦਿੱਤਾ। ਜੇਤੂ ਖਿਡਾਰੀ ਨੇ ਇਸ ਮਗਰੋਂ 13-12 ਦੀ ਲੀਡ ਹਾਸਲ ਕੀਤੀ ਅਤੇ ਫਿਰ 21-18 ਨਾਲ ਗੇਮ ਸਮਾਪਤ ਕਰਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਫਾਈਨਲ ’ਚ ਸਿੰਧੂ ਕੋਲ ਤਾਈ ਜ਼ੂ ਯਿੰਗ ਤੋਂ ਪਿਛਲੀ ਵਾਰ ਦੇ ਫਾਈਨਲ ’ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਸੀ, ਪਰ ਉਹ ਇੱਥੇ ਇੱਕ ਵਾਰ ਫਿਰ ਖੁੰਝ ਗਈ। ਯਿੰਗ ਨੇ ਪਿਛਲੇ ਸਾਲ ਇਸੇ ਟੂਰਨਾਮੈਂਟ ’ਚ ਸਿੰਧੂ ਨੂੰ 21-15, 21-17 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਸਿੰਧੂ ਜੇਕਰ ਇੱਥੇ ਖ਼ਿਤਾਬ ਜਿੱਤਦੀ ਤਾਂ ਉਹ ਪ੍ਰਕਾਸ਼ ਪਾਦੂਕੋਣ (1982) ਤੇ ਸਾਇਨਾ ਨੇਹਵਾਲ (2010) ਮਗਰੋਂ ਹਾਂਗਕਾਂਗ ਓਪਨ ਟੂਰਨਾਮੈਂਟ ਜਿੱਤਣ ਵਾਲੀ ਤੀਜੀ ਭਾਰਤੀ ਖਿਡਾਰੀ ਬਣ ਜਾਂਦੀ।