ਪੋਸ਼ਫੇਸਟ੍ਰਮ, 13 ਫਰਵਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਵਿਸ਼ਵ ਕੱਪ ਦੀ ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕੱਲ੍ਹ ਤੋਂ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਵੀ ਜੇਤੂ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਮਿਤਾਲੀ ਰਾਜ ਦੀ ਕਪਤਾਨੀ ਵਿੱਚ 2-1 ਨਾਲ ਜਿੱਤੀ ਸੀ ਜਦਕਿ ਟੀ-20 ਵਿੱਚ ਟੀਮ ਦੀ ਕਪਤਾਨੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ ਜੋ ਬੀਤੇ ਸਾਲ ਇੰਗਲੈਂਡ ਵਿੱਚ ਆਈਸੀਸੀ ਮਹਿਲਾ ਵਿਸ਼ਵ ਕੱਪ ਦੌਰਾਨ ਸੈਮੀ ਫਾਈਨਲਜ਼ ਵਿੱਚ ਆਪਣੇ ਬਿਹਤਰੀਨ ਸੈਂਕੜੇ ਨਾਲ ਸਟਾਰ ਬਣ ਗਈ ਸੀ। ਟੀਮ ਦੀ ਉਪ ਕਪਤਾਨ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਬਣਾਇਆ ਗਿਆ ਹੈ, ਜਿਸ ਦੀ ਅਗਵਾਈ ਵਿੱਚ ਭਾਰਤੀ ਟੀਮ ਵਿਸ਼ਵ ਕੱਪ ਦੇ ਫਾਈਨਲ ਤੱਕ ਪਹੁੰਚੀ ਸੀ। ਹਾਲ ਹੀ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਖ਼ਿਲਾਫ਼ ਇੱਕ ਰੋਜ਼ਾ ਲੜੀ ਵਿੱਚ ਭਾਰਤ ਨੇ ਖਿਡਾਰੀਆਂ ਦੇ ਹਰਫ਼ਨਮੌਲਾ ਖੇਡ ਸਦਕਾ ਸ਼ੁਰੂਆਤੀ ਦੋ ਮੈਚਾਂ ਵਿੱਚ 88 ਅਤੇ 178 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ ਉਹ ਆਖ਼ਰੀ ਮੈਚ ਵਿੱਚ ਹਾਰ ਗਈ। ਇਸ ਲੜੀ ਵਿੱਚ ਮਹਿਮਾਨ ਟੀਮ ਜਿੱਤ ਨਾਲ ਲੈਅ ਵਿੱਚ ਪਰਤਣ ਅਤੇ ਲੀਡ ਨਾਲ ਸ਼ੁਰੂਆਤ ਕਰਨ ਦਾ ਯਤਨ ਕਰੇਗੀ। ਟੀਮ ਵਿੱਚ ਅਨੁਜਾ ਪਾਟਿਲ, ਹਰਫ਼ਨਮੌਲਾ ਰਾਧਾ ਯਾਦਵ ਅਤੇ ਵਿਕਟਕੀਪਰ ਨੁਜ਼ਹਤ ਪਰਵੀਨ ਤਿੰਨ ਨਵੇਂ ਚਿਹਰੇ ਹੋਣਗੇ। ਇਸ ਤੋਂ ਇਲਾਵਾ ਮੁੰਬਈ ਦੀ ਜੇਮਿਮਾ ਰੋਡ੍ਰਿਗਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੇਮਿਮਾ ਸਿਰਫ਼ 17 ਸਾਲ ਦੀ ਹੈ ਅਤੇ ਅੰਡਰ-19 ਟੀਮ ਵੱਲੋਂ ਉਨ੍ਹਾਂ ਨੇ 202 ਦੌੜਾਂ ਦੀ ਪਾਰੀ ਨਾਲ ਕੌਮੀ ਟੀਮ ਵਿੱਚ ਥਾਂ ਪੱਕੀ ਕੀਤੀ ਹੈ।
ਭਾਰਤੀ ਟੀਮ ਵਿੱਚ ਬੱਲੇਬਾਜ਼ਾਂ ਵਿੱਚ ਸਕੋਰ ਬਣਾਉਣ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹਰਮਨਪ੍ਰੀਤ ਕੌਰ ’ਤੇ ਹੋਵੇਗੀ ਪਰ ਸਲਾਮੀ ਕ੍ਰਮ ਵਿੱਚ ਮੰਧਾਨਾ ਤੋਂ ਇਲਾਵਾ ਦੀਪਤੀ ਸ਼ਰਮਾ, ਮਿਤਾਲੀ, ਮੱਧ ਕ੍ਰਮ ਵਿੱਚ ਵੇਦਾ ਕ੍ਰਿਸ਼ਨਾਮੂਰਤੀ ਅਹਿਮ ਹੋਵੇਗੀ। ਗੇਂਦਬਾਜ਼ਾਂ ਵਿੱਚ ਅਨੁਭਵੀ ਝੂਲਨ ਗੋਸਵਾਮੀ ਦੀ ਵੀ ਅਹਿਮ ਭੂਮਿਕਾ ਰਹੇਗੀ ਜਿਨ੍ਹਾਂ ਨੂੰ ਤੀਜੇ ਇੱਕ ਰੋਜ਼ਾ ਵਿੱਚ ਆਰਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਏਕਤਾ ਬਿਸ਼ਟ, ਸ਼ਿਖਾ ਪਾਂਡੇ ਅਤੇ ਪੂਨਮ ਯਾਦਵ ਵੀ ਵਿਰੋਧੀ ਬੱਲੇਬਾਜ਼ਾਂ ’ਤੇ ਦਬਾਅ ਪਾ ਸਕਦੀਆਂ ਹਨ।