ਪਟਿਆਲਾ, 23 ਫਰਵਰੀ
ਇੱਥੇ ਸ਼ੀਸ਼ ਮਹਿਲ ਵਿੱਚ ਚੱਲ ਰਿਹਾ ਖੇਤਰੀ ਸਰਸ ਮੇਲਾ-2018 ਭਲਕੇ ਪੰਜ ਵਜੇ ਤੋਂ ਬਾਅਦ 10 ਗੁਣਾ ਮਹਿੰਗਾ ਹੋ ਜਾਵੇਗਾ। ਲੰਘੇ ਕੱਲ੍ਹ ਸ਼ੁਰੂ ਹੋਏ ਇਸ ਮੇਲੇ ਦੀ ਟਿਕਟ ਆਮ ਤੌਰ ’ਤੇ 10 ਰੁਪਏ ਪ੍ਰਤੀ ਵਿਅਕਤੀ ਰੱਖੀ ਗਈ ਹੈ ਪਰ ਮੇਲੇ ਦੌਰਾਨ ਸਟਾਰ ਨਾਈਟ ਦੀ ਟਿਕਟ 100 ਰੁਪਏ ਹੋਵੇਗੀ।  23 ਫਰਵਰੀ ਨੂੰ ਮੇਲੇ ਦੇ ਪਹਿਲੇ ਨਾਈਟ ਸ਼ੋਅ ਵਿੱਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਪੁੱਜ ਰਹੇ ਹਨ। ਦੱਸਣਯੋਗ ਹੈ ਕਿ ਇਹ ਮੇਲਾ ਕੇਂਦਰ ਸਰਕਾਰ ਦੀ ਗ੍ਰਾਂਟ ਨਾਲ ਲਗਾਇਆ ਜਾ ਰਿਹਾ ਹੈ। ਕੇਂਦਰੀ ਦਿਹਾਤੀ ਵਿਕਾਸ ਵਿਭਾਗ ਦੀ ਸਕੀਮ ਹੇਠ ਇਸ ਮੇਲੇ ਲਈ 35 ਲੱਖ ਰੁਪਏ ਦੀ ਗ੍ਰਾਂਟ ਆਈ ਹੈ। ਪੰਜਾਬ ਸਰਕਾਰ ਦਾ ਸਿੱਧੇ ਤੌਰ ’ਤੇ ਇਸ ਮੇਲੇ ਉੱਤੇ ਇੱਕ ਧੇਲਾ ਵੀ ਨਹੀਂ ਲੱਗ ਰਿਹਾ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਮੀਦ ਹੈ ਕਿ  ਇਸ ਮੇਲੇ ਵਿੱਚੋਂ ਬਚਤ ਹੋ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੇਲੇ ਦੇ ਪ੍ਰਬੰਧਾਂ ਵਾਸਤੇ ਨਿਲਾਮੀ ਰਾਹੀਂ ਕਰੀਬ ਇੱਕ ਕਰੋੜ ਰੁਪਏ ਵੱਖਰੇ ਤੌਰ ’ਤੇ ਇੱਕਠੇ ਵੀ ਕਰ ਲਏ ਸਨ। ਸੂਤਰਾਂ ਤੋਂ ਇੱਕਤਰ ਵੇਰਵਿਆਂ ਮੁਤਾਬਿਕ ਸ਼ੀਸ਼ ਮਹਿਲ ਵਿੱਚ ਲੱਗੇ ਵੱਖ ਵੱਖ ਫੂਡ ਸਟਾਲਾਂ ਤੋਂ 47 ਲੱਖ ਰੁਪਏ, ਝੂਲਿਆਂ ਵਾਲਿਆਂ ਤੋਂ 37 ਲੱਖ, ਕਾਰ ਪਾਰਕਿੰਗ ਦੇ ਠੇਕੇਦਾਰਾਂ ਤੇ ਹੋਰ ਸਪਾਂਸਰਸ਼ਿਪ ਧਿਰਾਂ ਆਦਿ ਤੋਂ ਕਰੀਬ 12 ਲੱਖ ਰੁਪਏ ਤੋਂ ਵੱਧ ਰਕਮ ਇੱਕਠੀ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਧਾਰਿਤ ਮੇਲਾ ਪ੍ਰਬੰਧਕਾਂ ਵੱਲੋਂ ਜਿਥੇ ਸਟਾਲ ਲਗਾਕੇ ਦਿੱਤੇ ਗਏ ਹਨ, ਉਥੇ ਦੇਸ਼ ਭਰ ਵਿੱਚੋਂ ਪੁੱਜੇ ਦਸਤਕਾਰਾਂ ਦੇ ਰਹਿਣ ਸਹਿਣ, ਬਿਜਲੀ ਤੇ ਟਰਾਂਸਪੋਰਟ ਆਦਿ ਦਾ ਖਰਚਾ ਹੀ ਓਟਿਆ ਗਿਆ ਹੈ, ਜੋ ਇੱਕਤਰ ਕੀਤੇ ਗਏ ਇੱਕ ਕਰੋੜ ਰੁਪਏ ਵਿੱਚੋਂ ਹੀ ਖਰਚ ਕੀਤੇ ਜਾਣਗੇ। ਇਸ ਦੇ ਬਾਵਜੂਦ ਸਟਾਰ ਨਾਈਟ ਦੀ ਟਿਕਟ ਦਾ ਰੇਟ ਦਸ ਗੁਣਾ ਵਧਾ ਦਿੱਤਾ ਗਿਆ ਹੈ। ਭਲਕੇ ਸਟਾਰ ਨਾਈਟ ਲਈ 4 ਹਜ਼ਾਰ ਟਿਕਟਾਂ ਵੇਚਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਤੋਂ ਸਿੱਧੇ ਹੀ 4 ਲੱਖ ਰੁਪਏ ਇੱਕਠੇ ਹੋਣ ਦੀ ਸੰਭਾਵਨਾ ਹੈ।
ਇਸ ਖੇਤਰੀ ਸਰਸ ਮੇਲੇ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਵਿਕਾਸ) ਸ਼ੌਕਤ ਅਹਿਮਦ ਪਾ ਰੇ ਨੇ ਦੱਸਿਆ ਕਿ ਮੇਲੇ ਦੌਰਾਨ ਆਮ ਲੋਕਾਂ ਤੇ ਦਰਸ਼ਕਾਂ ਲਈ ਟਿਕਟ ਕੇਵਲ 10 ਰੁਪਏ ਰੱਖੀ ਗਈ ਹੈ ਜਦੋਂਕਿ ਸਕੂਲ ਵਿਦਿਆਰਥੀਆਂ ਲਈ ਦਾਖਲਾ ਮੁਫ਼ਤ ਹੈ ਪ੍ਰੰਤੂ ਸਟਾਰ ਨਾਈਟਸ, ਜੋ 23 ਫਰਵਰੀ ਤੇ 1 ਮਾਰਚ ਨੂੰ ਹੋਣਗੀਆਂ, ਲਈ ਟਿਕਟ ਦੀ ਕੀਮਤ 100 ਰੁਪਏ ਰੱਖੀ ਗਈ ਹੈ। ਇਹ ਟਿਕਟਾਂ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਆਧਾਰ ’ਤੇ ਮਿਲਣਗੀਆਂ। ਟਿਕਟਾਂ ਦੀ ਵਿਕਰੀ ਸ਼ੀਸ਼ ਮਹਿਲ ਦੇ ਬਾਹਰ ਲਗਾਏ ਗਏ ਚਾਰ ਕਾਊਂਟਰਾਂ ’ਤੇ ਹੋਵੇਗੀ। ਜਦੋਂ ਪੰਡਾਲ ਦਰਸ਼ਕਾਂ ਨਾਲ ਭਰ ਜਾਵੇਗਾ ਤਾਂ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਜਾਵੇਗਾ।
ਏਡੀਸੀ ਨੇ ਦੱਸਿਆ ਕਿ ਮੇਲੇ ਦੌਰਾਨ ਇਕੱਠਾ ਹੋਇਆ ਜੋ ਵੀ ਪੈਸਾ ਬਚ ਜਾਵੇਗਾ, ਉਹ ਚਿਲਡਰਨ ਤੇ ਐਮ.ਆਰ.ਹੋਮ ਰਾਜਪੁਰਾ ਨੂੰ ਦੇ ਦਿੱਤਾ ਜਾਵੇਗਾ। ਉਨ੍ਹਾਂ ਮੰਨਿਆ ਕਿ ਮੇਲੇ ਵਾਸਤੇ ਪੰਜਾਬ ਸਰਕਾਰ ਦਾ ਸਿੱਧੇ ਤੌਰ ’ਤੇ ਕੋਈ ਖਰਚਾ ਨਹੀਂ ਆਵੇਗਾ।