ਲਾਹੌਰ, 13 ਦਸੰਬਰ
ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਕਤਲ ਕੇਸ ਵਿੱਚ ਅੱਜ ਕੋਟ ਲਖਪਤ ਜੇਲ੍ਹ ਦੇ ਸੁਪਰਡੈਂਟ ਨੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਾਹੌਰ ਸਾਹਮਣੇ ਬਿਆਨ ਦਰਜ ਕਰਵਾਏ।
ਮੌਤ ਦੀ ਸਜ਼ਾ ਯਾਫ਼ਤਾ ਆਮਿਰ ਸਰਫਰਾਜ਼ ਅਤੇ ਮੁਦੱਸਰ ਨੇ ਮਈ 2013 ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ 49 ਸਾਲਾ ਸਰਬਜੀਤ ਦਾ ਕਤਲ ਕਰ ਦਿੱਤਾ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਮੀਨ ਹੈਦਰ ਨੇ ਅੱਜ ਜੇਲ੍ਹ ਸੁਪਰਡੈਂਟ ਦੇ ਬਿਆਨ ਦਰਜ ਕੀਤੇ। ਅਗਲੀ ਸੁਣਵਾਈ ਵੇਲੇ ਦੋ ਹੋਰ ਗਵਾਹਾਂ ਨੂੰ ਤਲਬ ਕੀਤਾ ਗਿਆ ਹੈ। ਜੇਲ੍ਹ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਕਈ ਮਹੀਨਿਆਂ ਮਗਰੋਂ ਸ਼ੁਰੂ ਹੋਈ ਹੈ।
ਸੈਸ਼ਨ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਲਾਹੌਰ  ਹਾਈ ਕੋਰਟ ਦੇ ਜਸਟਿਸ ਮਜ਼ਹਰ ਅਲੀ ਅਕਬਰ ਨਕਵੀ ਦੀ ਅਗਵਾਈ ਵਾਲੇ ਨਿਆਂਇਕ ਕਮਿਸ਼ਨ ਨੇ  ਸਰਬਜੀਤ ਕਤਲ ਕੇਸ ਦੀ ਜਾਂਚ ਕੀਤੀ ਸੀ। ਨਕਵੀ ਨੇ ਇਸ ਸਬੰਧੀ 40 ਗਵਾਹਾਂ ਦੇ ਬਿਆਨ ਦਰਜ  ਕੀਤੇ ਅਤੇ ਰਿਪੋਰਟ ਸਰਕਾਰ ਨੂੰ ਸੌਂਪੀ, ਜੋ ਹਾਲੇ ਤੱਕ ਜਨਤਕ ਨਹੀਂ ਹੋਈ।
ਇਸ ਇਕ ਮੈਂਬਰੀ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਰਾਹੀਂ ਸਰਬਜੀਤ ਦੇ ਰਿਸ਼ਤੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਆਪਣੇ ਬਿਆਨ ਦਰਜ ਕਰਨ ਅਤੇ ਮੌਤ ਸਬੰਧੀ ਜੇ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰਨ ਲਈ ਕਿਹਾ ਸੀ ਪਰ ਸਰਬਜੀਤ ਦੇ ਪਰਿਵਾਰ ਨੇ ਬਿਆਨ ਦਰਜ ਨਹੀਂ ਕਰਵਾਏ ਸਨ। ਦੋਵਾਂ ਮੁਲਜ਼ਮਾਂ ਨੇ ਕਮਿਸ਼ਨ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਇਸ ਜੁਰਮ ਦਾ ਇਕਬਾਲ ਕੀਤਾ ਸੀ।