ਲੁਧਿਆਣਾ, 22 ਫਰਵਰੀ
ਲੁਧਿਆਣਾ ਨਗਰ ਨਿਗਮ ਦੀ ਹੋਣ ਵਾਲੀ ਚੋਣ ਲਈ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰਾਂ ਨੇ ਵਖ਼ਤ ਪਾਇਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ।
ਵਾਰਡ ਨੰਬਰ 72, 73 ਤੇ 74 ’ਚ ਬਾਗੀ ਉਮੀਦਵਾਰਾਂ ਨੂੰ ਲੈ ਕੇ ਅਜੀਬ ਹੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ਵਾਰਡਾਂ ’ਚ ਅਕਾਲੀ  ਦਲ ਤੇ ਕਾਂਗਰਸ ਦੇ ਬਾਗੀ ਆਪਣੇ ਹੀ ਨਹੀਂ ਬਲਕਿ ਦੂਜੀਆਂ ਪਾਰਟੀਆਂ ਲਈ ਵੀ ਖ਼ਤਰਾ ਪੈਦਾ ਕਰ ਰਹੇ ਹਨ। ਵਾਰਡ ਨੰਬਰ 72 ’ਚ ਬਹੁਤ ਹੀ ਦਿਲਚਸਪ ਸਥਿਤੀ ਬਣਨ ਨਾਲ ਚੋਕੋਣਾ ਮੁਕਾਬਲਾ ਹੋ ਗਿਆ ਹੈ। ਇਸ ਵਾਰਡ ’ਚ ਕਾਂਗਰਸ ਪਾਰਟੀ ਵੱਲੋਂ ਡਾ. ਹਰੀ ਸਿੰਘ ਬਰਾੜ ਉਮੀਦਵਾਰ ਹਨ ਜਦੋਂਕਿ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ’ਤੇ ਰਵਿੰਦਰ ਕੋਸ਼ਿਕ ਨੇ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰ ਦਿੱਤੇ ਸਨ। ਅਕਾਲੀ ਦਲ ਵੱਲੋਂ ਹਰਪ੍ਰੀਤ ਸਿੰਘ ਬੇਦੀ ਨੂੰ ਟਿਕਟ ਦਿੱਤੀ ਗਈ ਸੀ ਪਰ ਉਹ ਵਾਰਡ ਨੰਬਰ 73 ਤੋਂ ਆਪਣੀ ਪਤਨੀ ਤੇ ਸਾਬਕਾ ਕੌਂਸਲਰ ਵੀਰਾਂ ਬੇਦੀ ਲਈ ਵੀ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਜਦੋਂ ਉਨ੍ਹਾਂ ਨੂੰ ਦੂਜੀ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ  ਆਪਣੀ ਪਤਨੀ ਨੂੰ ਵਾਰਡ ਨੰਬਰ 73 ਤੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕਰ ਦਿੱਤਾ ਜਿਸ ’ਤੇ ਪਾਰਟੀ ਨੇ ਵਾਰਡ ਨੰਬਰ 72 ਤੋਂ ਉਨ੍ਹਾਂ ਦੀ ਟਿਕਟ ਵੀ ਵਾਪਸ ਲੈ ਲਈ ਤੇ ਕਾਂਗਰਸ ਦੇ ਬਾਗੀ  ਰਵਿੰਦਰ ਕੌਸ਼ਿਕ ਨੂੰ ਹਿਮਾਇਤ ਦੇ ਦਿੱਤੀ। ਹੁਣ ਇਸ ਵਾਰਡ ਤੋਂ ਅਕਾਲੀ ਦਲ ਦਾ ਉਮੀਦਵਾਰ ਬੇਦੀ ਆਜ਼ਾਦ ਤੇ ਕਾਂਗਰਸ ਦਾ ਬਾਗੀ ਕੌਸ਼ਿਕ ਅਕਾਲੀ ਦਲ ਦੀ ਹਿਮਾਇਤ ਨਾਲ ਚੋਣ ਲੜ ਰਿਹਾ ਹੈ। ਇੱਥ ਆਪ ਨੇ ਪਰਮਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੋਇਆ ਹੈ।
ਵਾਰਡ ਨੰਬਰ 73 ਵਿੱਚ ਬਾਗੀ ਅਕਾਲੀ ਵੀਰਾਂ ਬੇਦੀ ਤੋਂ ਇਲਾਵਾ ਭਾਜਪਾ ਦੀ ਅਨੁਪਮ ਭਨੋਟ ਤੇ ਕਾਂਗਰਸ ਦੀ ਸੀਮਾ ਕਪੂਰ ਵਿਚਾਲੇ ਕਾਂਟੇ ਦੀ ਟੱਕਰ ਹੈ। ਵਾਰਡ ਨੰਬਰ 74 ’ਚ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਦੀ ਪਤਨੀ ਪਰਮਜੀਤ ਕੌਰ ਸ਼ਿਵਾਲਕ ਤੋਂ ਇਲਾਵਾ ਬਾਗੀ ਅਕਾਲੀ ਗੁਰਦੀਪ ਸਿੰਘ ਲੀਲ੍ਹ, ਕਾਂਗਰਸ ਵੱਲੋਂ ਪੰਕਜ ਸ਼ਰਮਾ,  ਲੋਕ ਇਨਸਾਫ਼ ਪਾਰਟੀ ਵੱਲੋਂ ਪਰਮਿੰਦਰ ਸਿੰਘ ਤੇ ਆਜ਼ਾਦ ਉਮੀਦਵਾਰ ਵਜੋਂ ਸ਼ਿਦਰਜੀਤ ਸਿੰਘ ਮੈਦਾਨ ਵਿੱਚ ਹਨ। ਸ੍ਰੀ ਲੀਲ੍ਹ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ 95 ਵਾਰਡਾਂ ’ਚੋਂ 47 ਵਾਰਡ ਔਰਤਾਂ ਲਈ ਰਾਖ਼ਵੇਂ ਹਨ ਪਰ ਪਰਮਜੀਤ ਕੌਰ ਸ਼ਿਵਾਲਕ ਨੂੰ ਹਾਈ ਕਮਾਂਡ ਨੇ ਸਾਡਾ ਹੱਕ ਮਾਰਕੇ ਟਿਕਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਨਰਲ ਵਾਰਡ ’ਚ ਰਿਜ਼ਰਵ ਕੈਟੇਗਰੀ ਨਾਲ ਸਬੰਧਿਤ ਬੀਬੀ ਸ਼ਿਵਾਲਕ ਨੂੰ ਟਿਕਟ ਦੇਣੀ ਟਕਸਾਲੀ ਵਰਕਰਾਂ ਨਾਲ ਧੱਕਾ ਹੈ।