ਲੁਧਿਆਣਾ, 23 ਫਰਵਰੀ
ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਦੌਰਾਨ ਚੋਣ ਪ੍ਰਚਾਰ ਵਿੱਚੋਂ ਗਾਇਬ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸਨਅਤੀ ਸ਼ਹਿਰ ਵਿੱਚ ਇੱਕ ਸਮਾਗਮ ’ਚ ਲੈਣ ਤਾਂ ਪੁੱਜੇ, ਪਰ ਚੋਣ ਪ੍ਰਚਾਰ ਤੋਂ ਦੂਰ ਹੀ ਰਹੇ। ਉਹ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਿੱਚ ‘ਰੋਲ ਆਫ਼ ਜੀਓਸਫੇਸ਼ੀਅਲ ਟੈਕਨਾਲਾਜੀਜ ਟੂ ਬ੍ਰਿਜ ਦਿ ਰੂਰਲ ਐਂਡ ਅਰਬਨ ਡਿਵਾਈਡ’ ਵਿਸ਼ੇ ’ਤੇ ਕਰਵਾਈ ਜਾ ਰਹੀ ਤਿੰਨ ਦਿਨਾਂ ਰਾਸ਼ਟਰੀ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਨਾਲ ਨਾ ਕੇਵਲ ਗੈਰਕਾਨੂੰਨੀ ਉਸਾਰੀਆਂ ਅਤੇ ਨਾਜਾਇਜ਼ ਕਬਜਿਆਂ ਬਾਰੇ ਪਤਾ ਲਗਾਉਣ ਵਿੱਚ ਸਹਾਇਤਾ ਮਿਲੇਗੀ ਸਗੋਂ ਪੰਜਾਬ ਸਰਕਾਰ ਨੂੰ ਅਜਿਹੀਆਂ ਇਮਾਰਤਾਂ ਦੇ ਮਾਲਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਕਰ ਇਕੱਤਰ ਕਰਨ ਵਿੱਚ ਵੀ ਲਾਭ ਮਿਲੇਗਾ। ਸੂਬੇ ਵਿੱਚ ਗੈਰਕਾਨੂੰਨੀ ਉਸਾਰੀਆਂ ਅਤੇ ਨਾਜਾਇਜ਼ ਕਬਜ਼ਿਆਂ ਦਾ ਪਤਾ ਲਗਾਉਣ ਲਈ ਰਿਮੋਟ ਸੈਂਸਿੰਗ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਸ ਸਬੰਧੀ ਇਸ ਤਕਨੀਕ ਨੂੰ ਵਿਕਸਿਤ ਕਰਨ ਵਾਲੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨਾਲ ਸਮਝੌਤਾ ਸਹੀਬੱਧ ਕੀਤਾ ਜਾਵੇਗਾ।
ਉਨ੍ਹਾਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇੱਕ ਪ੍ਰਸਤਾਵ ਤਿਆਰ ਕਰ ਕੇ ਸਰਕਾਰ ਨੂੰ ਭੇਜਣ। ਇਸ ਮੌਕੇ ਉਨ੍ਹਾਂ ਓਡੀਸ਼ਾ ਰਿਮੋਟ ਸੈਂਸਿੰਗ ਦੇ ਮੁੱਖ ਕਾਰਜਕਾਰੀ ਅਧਿਕਾਰੀ  ਸੰਦੀਪ ਤ੍ਰਿਪਾਠੀ ਵੱਲੋਂ ਪੇਸ਼ ਕੀਤੀ ਗਈ ਪੇਸ਼ਕਾਰੀ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਡਾਇਰੈਕਟਰ  ਬ੍ਰਿਜੇਂਦਰਾ ਪਟੇਰੀਆ ਅਤੇ ਹੋਰਾਂ ਨੇ ਸ੍ਰੀ ਸਿੱਧੂ ਦਾ ਸਨਮਾਨ ਕੀਤਾ। ਅਖੀਰ ਵਿੱਚ ਉਨ੍ਹਾਂ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।