ਐਸ.ਏ.ਐਸ. ਨਗਰ (ਮੁਹਾਲੀ),ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਦਿੱਤੇ ਅਸਤੀਫ਼ੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਅਜੇ ਮਨਜ਼ੂਰ ਨਹੀਂ ਕੀਤਾ ਹੈ। ਇਸ ਸਬੰਧੀ ਆਖ਼ਰੀ ਫ਼ੈਸਲਾ ਪੰਜਾਬ ਕੈਬਨਿਟ ਦੇ ਬਾਕੀ ਸਾਥੀਆਂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਚਰਚਾ ਮਗਰੋਂ ਲਿਆ ਜਾਵੇਗਾ।
ਅੱਜ ਇੱਥੋਂ ਦੇ ਸਨਅਤੀ ਖੇਤਰ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ 4 ਜਨਵਰੀ ਨੂੰ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਉਨ੍ਹਾਂ ਨੇ ਅਜੇ ਤੱਕ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ (ਐਸਟੀਪੀਆਈ) ਦਾ ਮੁਹਾਲੀ ਵਿੱਚ ਕੇਂਦਰ ਸਥਾਪਿਤ ਕਰਨ ਲਈ ਸਹਿਮਤੀ ਪੱਤਰ ’ਤੇ ਸਹੀ ਪਾਉਣ ਦਾ ਐਲਾਨ ਕੀਤਾ। ਸਰਕਾਰ ਦਾ ਸਰਕਾਰੀ ਸਮਰਥਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਸਟਾਰਟਅੱਪ ਹੱਬ ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਇਸ ਸਹਿਮਤੀ ਪੱਤਰ ’ਤੇ ਉਦਯੋਗ ਵਿਭਾਗ, ਸਾਫਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ, ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਨੇ ਦਸਤਖ਼ਤ ਕੀਤੇ ਹਨ। ਆਈਐਸਬੀ ਅਤੇ ਪੀਟੀਯੂ ਸਟਾਰਟਅੱਪ ਹੱਬ ਦੇ ਭਾਈਵਾਲ ਵਜੋਂ ਕਾਰਜ ਕਰਨਗੇ।
‘ਮੁਹਾਲੀ ਐਜ਼ ਨੈਕਸਟ ਬਿੱਗ ਆਈਟੀ ਹੱਬ ਇਨ ਦਿ ਨਾਰਥ’ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੀਟੀਯੂ ਦੀ ਭਾਈਵਾਲੀ ਨਾਲ 100 ਕਰੋੜ ਰੁਪਏ ਦੇ ਫੰਡਾਂ ਦਾ ਐਲਾਨ ਕੀਤਾ ਹੈ। ਇਸ ਨੂੰ 45 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਬਣਾਇਆ ਜਾਵੇਗਾ। ਉਨ੍ਹਾਂ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦਾ ਨਵਾਂ ਸਟਾਰਟਅੱਪ ਪੋਰਟਲ ਵੀ ਸ਼ੁਰੂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪੰਜਾਬ ਵਿੱਚ ਹਵਾਈ ਸੰਪਰਕ ਵਧਾਉਣ ਲਈ ਛੋਟੇ ਹਵਾਈ ਜਹਾਜ਼ਾਂ (20 ਸੀਟਾਂ ਵਾਲੇ) ਲਈ ਹਵਾਈ ਪੱਟੀਆਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਹਵਾਈ ਫ਼ੌਜ ਦੇ ਮੁਖੀ ਨਾਲ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਫ਼ੌਜ ਦੇ ਮੁਖੀ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਸੀ.ਏ.ਟੀ.-3 ਉਡਾਣਾਂ ਉਤਰਨ ਬਾਰੇ ਵੀ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪੂੰਜੀ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਸਟਾਰਟਅੱਪ ਹੱਬ ਵਿੱਚ ‘ਅੰਤਰਰਾਸ਼ਟਰੀ ਡੈਸਕ’ ਬਣਾਉਣ ਦਾ ਫ਼ੈਸਲਾ ਵੀ ਕੀਤਾ ਹੈ, ਜਿਸ ਨਾਲ ਪੰਜਾਬ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਣ ਵਾਲੇ ਦੁਨੀਆਂ ਭਰ ਦੇ ਉੱਦਮੀਆਂ ਨੂੰ ਮਦਦ ਮਿਲੇਗੀ। ਇਸ ਮੌਕੇ ਅੰਗਰੇਜ਼ੀ ਅਖ਼ਬਾਰ ਦੇ ਰੈਜ਼ੀਡੈਂਟ ਸੰਪਾਦਕ ਰੌਬਿਨ ਡੇਵਿਡ, ਜੀਬੀਪੀ ਗਰੁੱਪ ਦੇ ਡਾਇਰੈਕਟਰ ਅਨੁਪਮ ਗੁਪਤਾ, ਇਨਫੋਸਿਸ ਦੇ ਵਿਕਾਸ ਕੇਂਦਰ ਦੇ ਮੁਖੀ ਸਮੀਰ ਗੋਇਲ ਤੇ ਐਸਟੀਪੀਆਈ ਮੁਹਾਲੀ ਦੇ ਡਾਇਰੈਕਟਰ ਓਂਕਾਰ ਰਾਏ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।