ਕਿੰਬਰਲੇ, ਪਹਿਲੇ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਕੱਲ੍ਹ ਨੂੰ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਜਿੱਤ ਨਾਲ ਤਿੰਨ ਮੈਚਾਂ ਦੀ ਲੜੀ ’ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੇਗੀ। ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਸੱਤ ਮਹੀਨਿਆਂ ਬਾਅਦ ਖੇਡ ਰਹੀ ਭਾਰਤੀ ਮਹਿਲਾ ਟੀਮ ਨੇ ਕੋਈ ਗ਼ਲਤੀ ਨਹੀਂ ਕੀਤੀ ਅਤੇ ਸੋਮਵਾਰ ਦੇ ਪਹਿਲੇ ਇੱਕ ਰੋਜ਼ਾ ਵਿੱਚ ਦੱਖਣੀ ਅਫਰੀਕਾ ਨੂੰ ਆਸਾਨੀ ਨਾਲ 88 ਦੌੜਾਂ ਨਾਲ ਹਰਾਇਆ ਸੀ। ਤਿੰਨ ਮੈਚਾਂ ਦੀ ਇਹ ਲੜੀ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਦਾ ਮੁਕਾਬਲਾ ਵੀ ਹੈ। ਇਸ ਚੈਂਪੀਅਨਸ਼ਿਪ ਰਾਹੀਂ ਟੀਮਾਂ ਨੂੰ 2021 ਆਈਸੀਸੀ ਮਹਿਲਾ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਵਿਸ਼ਵ ਕੱਪ ਵਿੱਚ ਦੂਜੇ ਸਥਾਨ ’ਤੇ ਰਹੀ ਭਾਰਤੀ ਟੀਮ ਨੇ ਇਸ ਤੋਂ ਬਾਅਦ ਕੱਲ੍ਹ ਤਕ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਕਿਉਂਕਿ ਬੀਸੀਸੀਆਈ ਨੇ ਟੀਮ ਦੇ ਖੇਡਣ ਦੀ ਕੋਈ ਯੋਜਨਾ ਹੀ ਨਹੀਂ ਬਣਾਈ ਸੀ। ਦੱਖਣੀ ਅਫਰੀਕਾ ਖਿਲਾਫ਼ ਮੌਜੂਦਾ ਲੜੀ ਨੂੰ ਟੀਮ ਦੀ ਲੈਅ ਵਿੱਚ ਪਰਤਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਹਿਲੇ ਇੱਕ ਰੋਜ਼ਾ ਵਿੱਚ ਹਾਲਾਂਕਿ ਭਾਰਤੀ ਟੀਮ ਵਿੱਚ ਮੈਚ ਅਭਿਆਸ ਦੀ ਕੋਈ ਘਾਟ ਨਹੀਂ ਦਿਖੀ ਅਤੇ ਟੀਮ ਨੇ ਹਰ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਪਛਾੜ ਦਿੱਤਾ। ਭਾਰਤੀ ਟੀਮ ਵਿੱਚ ਮਿਤਾਲੀ ਰਾਜ (ਕਪਤਾਨ), ਤਾਨੀਆ ਭਾਟੀਆ, ਏਕਤਾ ਬਿਸ਼ਟ, ਰਾਜੇਸ਼ਵਰੀ ਗਾਇਕਵਾੜ, ਝੂਲਨ ਗੋਸਵਾਮੀ, ਹਰਮਨਪ੍ਰੀਤ ਕੌਰ, ਵੇਦਾ ਕ੍ਰਿਸ਼ਨਮੂਰਤੀ, ਸਮ੍ਰਿਤੀ ਮੰਧਾਨਾ, ਮੋਨਾ ਮੇਸ਼ਰਾਮ, ਸ਼ਿਖਾ ਪਾਂਡੇ, ਪੂਨਮ ਰਾਵਤ, ਜੇਮਿਮਾ ਰੋਡ੍ਰਿਗਜ਼, ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਸੁਸ਼ਮਾ ਵਰਮਾ ਅਤੇ ਪੂਨਮ ਯਾਦਵ ਸ਼ਾਮਲ ਹਨ, ਜਦੋਂਕਿ ਦੱਖਣੀ ਅਫਰੀਕਾ ਟੀਮ ਵਿੱਚ ਡੇਨ ਵਾਨ ਨੀਕਰਕ (ਕਪਤਾਨ), ਮਾਰਿਜੇਨ ਕੈਪ, ਤ੍ਰਿਸ਼ਾ ਚੇਟੀ, ਸ਼ਬਨਮ ਇਸਮਾਈਲ, ਅਯਾਬੋਂਗਾ ਖਾਕਾ, ਮਸਾਬਾਤਾ ਕਲਾਸ, ਸਿਉਨ ਲੁਸ, ਲਾਰਾ ਵੋਲਵਾਰਟ, ਮਿਗਨੋਨ ਡੂ ਪ੍ਰੀਜ਼, ਲਿਜੇਲ ਲੀ, ਕਿਲੋ ਟਾਇਰਨ, ਐਂਡਰੀ ਸਟੇਨ, ਰੇਸਿਬੋ ਤੋਜਾਖੀ ਅਤੇ ਜਿੰਟਲੇ ਮਾਲੀ। ਮੈਚ ਇੱਕ ਵੱਜ ਕੇ 30 ਮਿੰਟ (ਭਾਰਤੀ ਸਮੇਂ ਅਨੁਸਾਰ) ’ਤੇ ਸ਼ੁਰੂ ਹੋਵੇਗਾ।