ਮੈਲਬੋਰਨ,  ਪਿਛਲੇ ਸੈਸ਼ਨ ਦੀ ਚੰਗੀ ਫਾਰਮ ਜਾਰੀ ਰੱਖਦਿਆਂ ਯੂਕੀ ਭਾਂਬਰੀ ਨੇ ਅੱਜ ਪਿਛੜਨ ਤੋਂ ਬਾਅਦ ਵਾਪਸੀ ਕਰ ਕੇ ਆਸਟ੍ਰੇਲੀਅਨ ਓਪਨ ਲਈ ਕੁਆਲੀਫਾਈ ਕਰ ਲਿਆ ਪਰ ਰਾਮਕੁਮਾਰ ਰਾਮਨਾਥਨ ਆਪਣੇ ਪਹਿਲੇ ਗ੍ਰੈਂਡ ਸਲੈਮ ‘ਚ ਖੇਡਣ ਤੋਂ ਖੁੰਝ ਗਿਆ।
25 ਸਾਲਾ ਭਾਂਬਰੀ ਨੇ ਤੀਜੇ ਤੇ ਆਖਰੀ ਕੁਆਲੀਫਾਇੰਗ ਦੌਰ ‘ਚ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕੀਤੀ ਤੇ 1 ਘੰਟਾ 55 ਮਿੰਟ ‘ਚ ਕੈਨੇਡਾ ਦੇ ਪੀਟਰ ਪੋਲਾਂਸਕੀ ਨੂੰ 1-6, 6-3, 6-3 ਨਾਲ ਹਰਾ ਦਿੱਤਾ। ਭਾਂਬਰੀ ਨੇ ਇਸ ਤਰ੍ਹਾਂ ਤੀਜੀ ਵਾਰ ਆਸਟ੍ਰੇਲੀਆਈ ਓਪਨ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ‘ਚ ਪ੍ਰਵੇਸ਼ ਕੀਤਾ। ਉਹ 2015 ਤੇ 2016 ਵਿਚ ਪਹਿਲੇ ਦੌਰ ‘ਚ ਕ੍ਰਮਵਾਰ ਐਂਡੀ ਮਰੇ ਤੇ ਟਾਮਸ ਬਰਡੀਚ ਹੱਥੋਂ ਹਾਰ ਗਿਆ ਸੀ।
ਉਥੇ ਹੀ ਰਾਮਕੁਮਾਰ ਨੂੰ ਫੈਸਲਾਕੁੰਨ ਸੈੱਟ ਦੀ ਪੰਜਵੀਂ ਗੇਮ ‘ਚ ਸਰਵਿਸ ਬ੍ਰੇਕ ਕਰਨ ਦਾ ਮੌਕਾ ਮਿਲਿਆ ਪਰ ਉਹ ਇਸ ਨੂੰ ਅੰਕ ‘ਚ ਤਬਦੀਲ ਨਹੀਂ ਕਰ ਸਕਿਆ ਤੇ ਅੰਤ ਵਿਚ ਤੀਜੇ ਦੌਰ ਦੇ ਮੁਕਾਬਲੇ ‘ਚ ਕੈਨੇਡਾ ਦੇ ਵਾਸੇਕ ਪੋਸਪਿਸਿਲ ਤੋਂ 4-6, 6-4, 4-6 ਨਾਲ ਹਾਰ ਗਿਆ। ਗ੍ਰੈਂਡ ਸਲੈਮ ‘ਚ ਰਾਮਕੁਮਾਰ ਦਾ ਆਖਰੀ ਕੁਆਲੀਫਾਇੰਗ ਦੌਰ ‘ਚ ਪਹੁੰਚਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।