ਏਲੋਰ ਸੇਟਾਰ (ਮਲੇਸ਼ੀਆ), ਰੀਓ ਓਲੰਪਿਕ ਦੀ ਚਾਂਦੀ ਤਗ਼ਮਾ ਜੇਤੂ ਪੀਵੀ ਸਿੰਧੂ ਦੀ ਅਗਵਾਈ ਵਿੱਚ ਭਾਰਤੀ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਅੱਜ ਹਾਂਗਕਾਂਗ ਨੂੰ 3-2 ਨਾਲ ਹਰਾ ਦਿੱਤਾ। ਸੱਟ ਕਾਰਨ ਸਾਇਨਾ ਨੇਹਵਾਲ ਦੀ ਗੈਰ-ਮੌਜੂਦਗੀ ਵਿੱਚ ਭਾਰਤੀ ਟੀਮ ਦੀ ਅਗਵਾਈ ਕਰ ਰਹੀ ਸਿੰਧੂ ਨੇ ਪਹਿਲਾਂ ਆਪਣਾ ਸਿੰਗਲ ਮੈਚ ਜਿੱਤਿਆ ਅਤੇ ਫਿਰ ਐਨ ਸਿੱਕੀ ਰੈਡੀ ਨਾਲ ਦੂਜੇ ਮੈਚ ਵਿੱਚ ਵੀ ਭਾਰਤ ਨੂੰ ਜਿੱਤ ਦਿਵਾਈ। ਸਿੰਧੂ ਤੋਂ ਇਲਾਵਾ ਜੀ ਰੁਤਵਿਕਾ ਸ਼ਿਵਾਨੀ ਨੇ ਆਪਣਾ ਸਿੰਗਲ ਮੈਚ ਜਿੱਤ ਕੇ ਭਾਰਤ ਨੂੰ ਹਾਂਗਕਾਂਗ ’ਤੇ 3-2 ਦੀ ਜਿੱਤ ਦਿਵਾਈ।
ਇੰਡੀਆ ਓਪਨ ਦੇ ਫਾਈਨਲ ਵਿੱਚ ਖ਼ਿਤਾਬ ਤੋਂ ਖੁੰਝੀ ਸਿੰਧੂ ਨੇ ਹਾਂਗਕਾਂਗ ਦੀ ਯਿਪ ਪੁਈ ਯਿਨ ਨੂੰ 33 ਮਿੰਟ ਤਕ ਚੱਲੇ ਮੁਕਾਬਲੇ ਵਿੱਚ 21-12, 21-18 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਦੀ ਲੀਡ ਦਿਵਾਈ। ਸਿੰਧੂ ਦੀ ਜਿੱਤ ਬਾਅਦ ਹਾਂਗਕਾਂਗ ਦੇ ਐਨਜੀ ਵਿੰਗ ਯੁੰਗ ਅਤੇ ਯੁੰਗ ਐਨਗੇ ਤਿੰਗ ਨੇ ਅਸ਼ਵਨੀ ਪੋਨੱਪਾ ਅਤੇ ਪਰਾਜੱਕਤਾ ਸਾਵੰਤ ਦੀ ਜੋੜੀ ਨੂੰ 52 ਮਿੰਟ ਵਿੱਚ 20-22, 22-20, 21-10 ਨਾਲ ਹਰਾ ਕੇ ਹਾਂਗਕਾਂਗ ਨੂੰ 1-1 ਦੀ ਬਰਾਬਰੀ ’ਤੇ ਲਿਆਂਦਾ। ਇਸ ਤੋਂ ਬਾਅਦ ਕੋਰਟ ’ਤੇ ਉਤਰੀ ਕ੍ਰਿਸ਼ਨਾ ਪ੍ਰਿਆ ਕੁਦਰਾਵੱਲੀ ਨੂੰ ਚੁਇੰਗ ਮੇਈ ਹੱਥੋਂ ਹਾਰ ਦਾ ਸਾਹਮਣਾ ਕਰਨਾ ਅਤੇ ਹਾਂਗਕਾਂਗ ਨੇ ਮੁਕਾਬਲੇ ਵਿੱਚ 2-1 ਦੀ ਲੀਡ ਬਣਾ ਲਈ। ਪਰ ਸਿੰਧੂ ਨੇ ਐਨ ਸਿੱਕੀ ਰੈਡੀ ਨਾਲ ਜੋੜੀ ਬਣਾ ਕੇ ਐਨਜੀ ਤੇਜਸ ਯੂਈ ਅਤੇ ਯੂਐਨ ਸਿਨ ਯਿੰਗ ਨੂੰ 48 ਮਿੰਟਾਂ ਵਿੱਚ ਹਰਾ ਕੇ ਭਾਰਤ ਨੂੰ 2-2 ਨਾਲ ਬਰਾਬਰੀ ’ਤੇ ਲਿਆਂਦਾ। ਤੀਜੇ ਅਤੇ ਫੈਸਲਾਕੁੰਨ ਮੁਕਾਬਲੇ ਵਿੱਚ ਸ਼ਿਵਾਨੀ ਨੇ ਯੁੰਗ ਸੀਮ ਯੀ ਨੂੰ 58 ਮਿੰਟ ਵਿੱਚ ਹਰਾ ਕੇ ਭਾਰਤ ਨੂੰ ਪਹਿਲੇ ਮੁਕਾਬਲੇ ਵਿੱਚ 3-2 ਦੀ ਸ਼ਾਨਦਾਰ ਜਿੱਤ ਦਿਵਾਈ। ਭਾਰਤ ਦਾ ਅਗਲਾ ਮੁਕਾਬਲਾ ਹੁਣ ਜਾਪਾਨ ਨਾਲ ਹੋਵੇਗਾ।