ਪਟਿਆਲਾ, ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਦਰਜਨ ਦੇ ਕਰੀਬ ਜਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਬਿਜਲੀ ਕਾਮਿਆਂ ਨੇ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਰੋਸ ਮੁਜਾਹਰਾ ਕੀਤਾ। ਇਸ ਮਗਰੋਂ ਬਿਜਲੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਘਰ ‘ਨਿਊ ਮੋਤੀ ਮਹਿਲ’ ਵੱਲ ਮਾਰਚ ਕੀਤਾ, ਜਿਨ੍ਹਾਂ ਨੂੰ ਪੁਲੀਸ ਨੇ ਫੁਹਾਰਾ ਚੌਕ ਨੇੜੇ ਰੋਕ ਲਿਆ। ਮੁਲਾਜ਼ਮਾਂ ਦੇ ਇੱਕ ਵਫ਼ਦ ਨੇ ਮਹਿਲ ਅੰਦਰ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਰਾਜੇਸ਼ ਕੁਮਾਰ ਨੂੰ ਮੰਗ ਪੱਤਰ ਸੌਂਪਿਆ।
ਬਿਜਲੀ ਕਾਮਿਆਂ ਨੇ ਇਹ ਧਰਨਾ ਲੰਮੇ ਸਮੇਂ ਤੋਂ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਬਠਿੰਡਾ ਥਰਮਲ ਪਲਾਂਟ ਦੇ ਸਮੁੱਚੇ ਯੂਨਿਟ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਪੱਕੇ ਤੌਰ ’ਤੇ ਬੰਦ ਕਰਨ ਖਿਲਾਫ਼ ਦਿੱਤਾ।  ਮੁੱਖ ਦਫ਼ਤਰ ਅੱਗੇ ਧਰਨੇ ਦੌਰਾਨ ਆਗੂਆਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਜੇ  ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ 19 ਫਰਵਰੀ ਤੋਂ ਵਰਕ-ਟੂ-ਰੂਲ ਕੰਮ ਸ਼ੁਰੂ ਕਰਨਗੇ, ਦੋਵੇਂ ਨਿਗਮਾਂ ਦੇ ਚੇਅਰਮੈਨ ਤੇ ਡਾਇਰੈਕਟਰਾਂ ਨੂੰ ਫੀਲਡ ਵਿੱਚ ਜਾਣ ਸਮੇਂ ਕਾਲੀਆਂ ਝੰਡਿਆਂ ਦਿਖਾਈਆਂ ਜਾਣਗੀਆਂ ਅਤੇ ਅਪਰੈਲ ਦੇ ਪਹਿਲੇ ਹਫ਼ਤੇ ਹੜਤਾਲ ਕੀਤੀ ਜਾਵੇਗੀ।
ਧਰਨੇ ਨੂੰ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਆਗੂਆਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀਐੱਸ ਸੇਖੋਂ, ਪ੍ਰਕਾਸ਼ ਸਿੰਘ ਮਾਨ, ਹਰਮੇਸ਼ ਧੀਮਾਨ, ਜੈਲ ਸਿੰਘ, ਬ੍ਰਿਜ ਲਾਲ, ਗੁਰਸੇਵਕ ਸਿੰਘ ਸੰਧੂ, ਸੁਖਦੇਵ ਸਿੰਘ ਰੋਪੜ, ਅਵਤਾਰ ਕੈਂਥ, ਵਿਜੇ ਕੁਮਾਰ, ਅਮਰੀਕ ਸਿੰਘ ਨੂਰਪੁਰ, ਰਣਬੀਰ ਸਿੰਘ ਪਾਤੜਾਂ, ਹਰਪਾਲ ਸਿੰਘ ਖੰਗੂੜਾ, ਕਾਰਜਵਿੰਦਰ ਬੁੱਟਰ, ਰਛਪਾਲ ਸਿੰਘ ਸੰਧੂ, ਸੁਰਿੰਦਰ ਕੁਮਾਰ ਸ਼ਰਮਾ, ਪਰਮਜੀਤ ਸਿੰਘ ਦਸੂਹਾ, ਪਰਮਜੀਤ ਸਿੰਘ ਭੀਖੀ, ਕਮਲਜੀਤ ਸਿੰਘ, ਮਹਿੰਦਰ ਨਾਥ, ਫਲਜੀਤ ਸਿੰਘ, ਬਲਦੇਵ ਸਿੰਘ ਸੰਧੂ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ 15 ਜਨਵਰੀ ਨੂੰ ਮੈਨੇਜਮੈਂਟ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਦੱਸਿਆ ਕਿ 715 ਕਰੋੜ ਦੀ ਲਾਗਤ ਨਾਲ ਸਰਕਾਰੀ ਥਰਮਲਾਂ ਦੇ ਨਵੀਨੀਕਰਨ ਨਾਲ ਥਰਮਲਾਂ ਦੀ ਉਮਰ ਅਤੇ ਸਮਰੱਥਾ ਵਿੱਚ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਪੰਜਾਬ ਦੇ ਖਪਤਕਾਰਾਂ ਸਿਰ ਭਾਰ ਪਾਉਣ ਲਈ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ।  ਪਿਛਲੇ ਸਾਲ  ਬਿਨਾਂ ਬਿਜਲੀ ਖਰੀਦਿਆਂ ਸਰਕਾਰ ਵੱਲੋਂ ਨਿੱਜੀ ਕੰਪਨੀਆਂ ਨੂੰ 2700 ਕਰੋੜ ਰੁਪਏ ਅਦਾ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਵਰਕੌਮ ਨੂੰ ਸਬਸਿਡੀ ਦਾ 4 ਹਜ਼ਾਰ ਕਰੋੜ ਰੁਪਿਆ ਅਦਾ ਨਹੀਂ ਕਰ ਰਹੀ, ਜਿਸ ਕਾਰਨ ਅਦਾਰਾ ਲਗਾਤਾਰ ਘਾਟੇ ਵਿੱਚ ਜਾ ਰਿਹਾ ਹੈ।
ਆਗੂਆਂ ਨੇ ਬਠਿੰਡਾ ਥਰਮਲ ਵਿੱਚ ਲੋਕਤੰਤਰੀ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਆਗੂਆਂ ਤੇ ਵਰਕਰਾਂ ’ਤੇ ਪੁਲੀਸ ਵੱਲੋਂ ਝੂਠੇ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹ ਕੇਸ ਤੁਰੰਤ ਵਾਪਸ ਲਏ ਜਾਣ ਅਤੇ ਥਰਮਲ ਦੇ ਬੰਦ ਕੀਤੇ ਯੂਨਿਟ ਚਾਲੂ ਕੀਤੇ ਜਾਣ। ਧਰਨੇ ਨੂੰ ਜੇਈ ਕੌਂਸਲ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਇੰਜ. ਦਵਿੰਦਰ ਸਿੰਘ, ਇੰਜ. ਪਰਮਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਡਾ. ਦਰਸ਼ਨ ਪਾਲ ਨੇ ਸੰਬੋਧਨ ਕਰਦਿਆਂ ਮੁਲਾਜ਼ਮ ਮਜ਼ਦੂਰ ਤੇ ਕਿਸਾਨਾਂ ਨੂੰ ਇੱਕ ਹੋ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਦਾ ਸੱਦਾ ਦਿੱਤਾ।