ਨਾਗਪੁਰ, 27 ਨਵੰਬਰ,ਕਪਤਾਨ ਵਿਰਾਟ ਕੋਹਲੀ (213) ਦੇ ਪੰਜਵੇਂ ਦੋਹਰੇ ਸੈਂਕੜੇ ਅਤੇ ਰੋਹਿਤ ਸ਼ਰਮਾ (ਨਾਬਾਦ 102) ਵੱਲੋਂ ਚਾਰ ਸਾਲ ਮਗਰੋਂ ਬਣਾਏ ਗਏ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਸ੍ਰੀਲੰਕਾ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ 405 ਦੌੜਾਂ ਦੀ ਲੀਡ ਹਾਸਲ ਕਰਨ ਮਗਰੋਂ ਆਪਣੀ ਪਾਰੀ ਛੇ ਵਿਕਟਾਂ ’ਤੇ 610 ਦੌੜਾਂ ਬਣਾ ਕੇ ਸਮਾਪਤ ਐਲਾਨ ਦਿੱਤੀ। ਇਸ ਦੇ ਜਵਾਬ ਵਿੱਚ ਸ੍ਰੀਲੰਕਾ ਨੇ ਦਿਨ ਦੀ ਖੇਡ ਮੁੱਕਣ ਤੱਕ ਇੱਕ ਵਿਕਟ ਗੁਆ ਕੇ 21 ਦੌੜਾਂ ਬਣਾ ਲਈਆਂ ਹਨ ਅਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਅਜੇ 384 ਦੌੜਾਂ ਹੋਰ ਚਾਹੀਦੀਆਂ ਹਨ।
ਕੋਹਲੀ ਨੇ ਆਪਣੇ ਕਰੀਅਰ ਦਾ ਦੂਜਾ ਸਰਵੋਤਮ ਸਕੋਰ ਅਤੇ ਪੰਜਵਾਂ ਦੋਹਰਾ ਸੈਂਕੜਾ ਬਣਾਇਆ ਹੈ। ਉਸ ਨੇ 267 ਗੇਂਦਾਂ ’ਤੇ 213 ਦੌੜਾਂ ਦੀ ਪਾਰੀ ’ਚ 17 ਚੌਕੇ ਤੇ ਦੋ ਛੱਕੇ ਲਾਏ। ਰੋਹਿਤ ਦਾ ਟੈਸਟ ਮੈਚਾਂ ਦਾ ਇਹ ਤੀਜਾ ਸੈਂਕੜਾ ਸੀ ਜੋ ਚਾਰ ਸਾਲ ਮਗਰੋਂ ਜਾ ਕੇ ਬਣਿਆ। ਰੋਹਿਤ ਨੇ 160 ਗੇਂਦਾਂ ’ਤੇ ਨਾਬਾਦ ਸੈਂਕੜੇ ’ਚ ਅੱਠ ਚੌਕੇ ਤੇ ਇੱਕ ਛੱਕਾ ਜੜਿਆ। ਉਸ ਨੇ ਆਪਣਾ ਪਿਛਲਾ ਸੈਂਕੜਾ ਨਵੰਬਰ 2013 ’ਚ ਵੈਸਟ ਇੰਡੀਜ਼ ਖ਼ਿਲਾਫ਼ ਬਣਾਇਆ ਸੀ। ਭਾਰਤ ਦੀ ਪਾਰੀ ’ਚ ਕੁੱਲ ਚਾਰ ਸੈਂਕੜੇ ਬਣੇ। ਓਪਨਰ ਮੁਰਲੀ ਵਿਜੈ ਨੇ 128 ਤੇ ਚੇਤੇਸ਼ਵਰ ਪੁਜਾਰਾ ਨੇ 143 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਆਪਣੇ ਦੋਹਰੇ ਸੈਂਕੜੇ ਨਾਲ 5000 ਟੈਸਟ ਦੌੜਾਂ ਦੇ ਕਰੀਬ ਵੀ ਪਹੁੰਚ ਗਿਆ ਹੈ। ਉਸ ਦੇ ਹੁਣ 62 ਟੈਸਟ ਮੈਚਾਂ ’ਚ 4975 ਦੌੜਾਂ ਹੋ ਗਹੀਆਂ ਹਨ। ਓਵਰਆਲ ਇਹ ਉਸ ਦਾ 19ਵਾਂ ਸੈਂੜਾ ਸੀ ਅਤੇ ਹੁਣ ਉਸ ਦੇ ਕੁਲ 51 ਕੌਮਾਂਤਰੀ ਸੈਂਕੜੇ ਹੋ ਗਏ ਹਨ। ਕੋਹਲੀ ਨੇ ਚੇਤੇਸ਼ਵਰ ਪੁਜਾਰਾ ਨਾਲ ਮਿਲ ਕੇ ਤੀਜੀ ਵਿਕਟ ਲਈ 183 ਦੌੜਾਂ ਅਤੇ ਰੋਹਿਤ ਨਾਲ ਪੰਜਵੀਂ ਵਿਕਟ ਲਈ 173 ਦੌੜਾਂ ਦੀ ਭਾਈਵਾਲੀ ਕੀਤੀ। ਕੋਹਲੀ ਨੇ ਰੋਹਿਤ ਦਾ ਸੈਂਕੜਾ ਪੂਰਾ ਹੋਣ ਦੇ ਨਾਲ ਹੀ ਭਾਰਤ ਦੀ ਪਾਰੀ 610 ਦੌੜਾਂ ’ਤੇ ਸਮਾਪਤ ਐਲਾਨ ਦਿੱਤੀ। ਪਹਿਲੀ ਪਾਰੀ ’ਚ 405 ਦੌੜਾਂ ਨਾਲ ਪਛੜਨ ਮਗਰੋਂ ਸ੍ਰੀਲੰਕਾ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਤੇ ਸਲਾਮੀ ਬੱਲੇਬਾਜ਼ ਸਮਰਵਿਕਰਮਾ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਦੂਜੀ ਹੀ ਗੇਂਦ ’ਤੇ ਬੋਲਡ ਹੋ ਗਿਆ। ਇਸ ਮਗਰੋਂ ਦਿਮੁਥ ਕਰੁਨਾਰਤਨੇ ਤੇ ਲਾਹਿਰੂ ਤਿਰੀਮਾਨੇ ਨੇ ਸ੍ਰੀਲੰਕਾ ਨੂੰ ਫਿਰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਤੇ ਸਟੰਪ ਤੱਕ ਸਕੋਰ ਇੱਕ ਵਿਕਟ ਦੇ ਨੁਕਸਾਨ ’ਤੇ 21 ਦੌੜਾਂ ਹੋ ਗਿਆ ਸੀ।