ਮੈਲਬੋਰਨ — ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਅਰਜਨਟੀਨਾ ਦੇ ਡਿਏਗੋ ਸ਼ਵਾਟਜ਼ਰਮੈਨ ਦੀ ਸਖਤ ਚੁਣੌਤੀ ‘ਤੇ ਐਤਵਾਰ ਨੂੰ 6-3, 6-7 (4), 6-3, 6-3 ਨਾਲ ਕਾਬੂ ਪਾਉਂਦੇ ਹੋਏ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾ ਲਈ। ਨਡਾਲ ਨੂੰ ਇਹ ਮੁਕਾਬਲਾ ਜਿੱਤਣ ਦੇ ਲਈ ਤਿੰਨ ਘੰਟੇ 51 ਮਿੰਟ ਤੱਕ ਪਸੀਨਾ ਵਹਾਉਣਾ ਪਿਆ। ਜ਼ੋਰਦਾਰ ਹਮਲਾ ਕਰਨ ਵਾਲੇ ਸ਼ਵਾਟਜ਼ਰਮੈਨ ਨੇ ਦੂਜੇ ਸੈਟ ‘ਚ ਤਿੰਨ ਵਾਰ ਨਡਾਲ ਦੀ ਸਰਵਿਸ ਤੋੜੀ ਅਤੇ ਫਿਰ ਇਸ ਸੈਟ ਦਾ ਟਾਈ ਬ੍ਰੇਕ 7-4 ਨਾਲ ਜਿੱਤ ਲਿਆ। ਪਰ 16 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਨੇ ਰਾਡ ਲੇਵਰ ਏਰੇਨਾ ‘ਚ ਆਪਣੇ ਡਿਫੈਂਸ ਦਾ ਪੱਧਰ ਵਧਾਉਂਦੇ ਹੋਏ 24ਵੀਂ ਰੈਂਕਿੰਗ ਦੇ ਅਰਜਨਟੀਨਾ ਦੇ ਖਿਡਾਰੀ ਦੀ ਹਮਲਾਵਰ ਖੇਡ ਨੂੰ ਕਾਬੂ ਕਰ ਲਿਆ।

ਸਪੈਨਿਸ਼ ਦਿੱਗਜ ਨੇ ਆਪਣੇ ਤੀਜੇ ਮੈਚ ਅੰਕ ‘ਤੇ ਜ਼ੋਰਦਾਰ ਬੈਕ ਹੈਂਡ ਰਿਟਰਨ ਲਗਾਉਂਦੇ ਹੋਏ ਜਿੱਤ ਆਪਣੇ ਨਾਂ ਕਰ ਲਈ। ਇਸ ਜਿੱਤ ਅਤੇ ਸੈਮੀਫਾਈਨਲ ‘ਚ ਪਹੁੰਚਣ ਦੇ ਨਾਲ ਹੀ ਨਡਾਲ ਨੇ ਆਪਣੀ ਨੰਬਰ ਇਕ ਰੈਂਕਿੰਗ ਨੂੰ ਕਾਇਮ ਰਖਣਾ ਯਕੀਨੀ ਬਣਾ ਲਿਆ। ਨਡਾਲ ਨੂੰ ਹੁਣ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਦੇ ਲਈ ਸਾਬਕਾ ਯੂ.ਐੱਸ. ਚੈਂਪੀਅਨ ਮਾਰਿਨ ਸਿਲਿਚ ਦੀ ਚੁਣੌਤੀ ਨਾਲ ਜੂਝਣਾ ਹੋਵੇਗਾ। ਛੇਵਾਂ ਦਰਜਾ ਪ੍ਰਾਪਤ ਕ੍ਰੋਏਸ਼ੀਆ ਦੇ ਸਿਲਿਚ ਨੇ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਨੂੰ 6-7 (2), 6-3, 7-6 (0), 7-6 (3) ਨਾਲ ਹਰਾ ਕੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾਈ ਅਤੇ ਨਾਲ ਹੀ ਆਪਣੀ 100ਵੀਂ ਗ੍ਰੈਂਡ ਸਲੈਮ ਜਿੱਤ ਹਾਸਲ ਕੀਤੀ।