ਧਰਮਸ਼ਾਲਾ — ਸ਼੍ਰੀਲੰਕਾ ਦੇ ਨਵੇਂ ਕਪਤਾਨ ਥਿਸਾਰਾ ਪਰੇਰਾ ਨੇ ਐਤਵਾਰ ਨੂੰ ਭਾਰਤ ਖਿਲਾਫ ਖੇਡੇ ਗਏ ਪਹਿਲੇ ਵਨਡੇ ਮੈਚਾਂ ਵਿਚ ਆਪਣੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੀ ਤਾਰੀਫ ਕੀਤੀ ਹੈ। ਸ਼੍ਰੀਲੰਕਾ ਨੇ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐਚ.ਪੀ.ਸੀ.ਏ.) ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਭਾਰਤ ਨੂੰ 112 ਦੌੜਾਂ ਉੱਤੇ ਹੀ ਢੇਰ ਕਰ ਦਿੱਤਾ ਸੀ। ਉਸਦੇ ਲਈ ਸੁਰੰਗਾ ਲਕਮਲ ਨੇ ਚਾਰ ਵਿਕਟਾਂ ਲਈਆਂ। ਨੁਵਾਨ ਪ੍ਰਦੀਪ ਨੂੰ ਦੋ ਸਫਲਤਾ ਮਿਲੀਆਂ। ਪਰੇਰਾ, ਐਂਜੇਲੋ ਮੈਥਿਊਜ਼, ਅਕਿਲਾ ਧਨੰਜੈ ਅਤੇ ਸਚਿਥਾ ਪਾਥੀਰਾਨਾ ਨੂੰ ਇਕ-ਇਕ ਵਿਕਟ ਮਿਲੀ। ਸ਼੍ਰੀਲੰਕਾ ਨੇ ਇਸ ਮੈਚ ਨੂੰ 7 ਵਿਕਟਾਂ ਨਾਲ ਜਿੱਤ ਲਿਆ।

ਮੈਚ ਦੇ ਬਾਅਦ ਪੱਤਰਕਾਰ ਸੰਮੇਲਨ ਵਿਚ ਪਰੇਰਾ ਨੇ ਕਿਹਾ, ”ਸਾਨੂੰ ਸਾਡੇ ਗੇਂਦਬਾਜ਼ਾਂ ਨੂੰ 200 ਫੀਸਦੀ ਕ੍ਰੈਡਿਟ ਦੇਣਾ ਹੋਵੇਗਾ। ਉਨ੍ਹਾਂ ਨੇ ਸਾਡੇ ਲਈ ਸਾਰਾ ਕੁਝ ਠੀਕ ਕੀਤਾ। ਠੀਕ ਲਾਈਨ, ਲੈਂਥ ਉੱਤੇ ਗੇਂਦ ਪਾਈ। ਅਨੁਸ਼ਾਸਨ ਵਿਚ ਰਹਿ ਕੇ ਗੇਂਦਬਾਜ਼ੀ ਕੀਤੀ। ਸਾਡੀ ਜਿੱਤ ਦਾ ਰਾਜ਼ ਇਹੀ ਰਿਹਾ।

ਉਨ੍ਹਾਂ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਲਕਮਲ ਨੇ ਟੈਸਟ ਸੀਰੀਜ਼ ਵਿਚ ਵੀ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਉਹ ਇਸਨੂੰ ਅੱਗੇ ਲਿਜਾ ਰਹੇ ਹਨ। ਉਹ ਇਸ ਸਮੇਂ ਸਾਡੇ ਨੰਬਰ- ਇਕ ਗੇਂਦਬਾਜ਼ ਹਨ। ਸ਼੍ਰੀਲੰਕਾ ਦੇ ਕਪਤਾਨ ਐਚ.ਪੀ.ਸੀ.ਏ. ਸਟੇਡੀਅਮ ਦੀ ਵਿਕਟ ਨੂੰ ਵੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ 49 ਦੌੜਾਂ ਦੀ ਪਾਰੀ ਖੇਡਣ ਵਾਲੇ ਸਲਾਮੀ ਬੱਲੇਬਾਜ਼ ਉਪੁਲ ਥਰੰਗਾ ਦੀ ਵੀ ਤਾਰੀਫ ਕੀਤੀ।

ਉਨ੍ਹਾਂ ਨੇ ਕਿਹਾ, ”ਇਹ ਅਨਪਲੇਏਬਲ ਵਿਕਟ ਹੈ। ਅਸੀਂ ਇਸਦੀ ਉਮੀਦ ਨਹੀਂ ਕੀਤੀ ਸੀ। ਅਸੀਂ ਸੋਚਿਆ ਸੀ ਕਿ ਇਸ ਵਿਕਟ ਉੱਤੇ 250-260 ਦੌੜਾਂ ਬਣਨਗੀਆਂ, ਪਰ ਜਦੋਂ ਅਸੀਂ ਗੇਂਦਬਾਜ਼ੀ ਕਰ ਰਹੇ ਸੀ ਉਦੋਂ ਸਾਨੂੰ ਲੱਗਾ ਕਿ ਸਾਨੂੰ ਉਨ੍ਹਾਂ ਨੂੰ 220 ਦੌੜਾਂ ਤੱਕ ਹੀ ਰੋਕਣਾ ਹੋਵੇਗਾ। ਉਪੁਲ ਸਾਨੂੰ ਵਧੀਆ ਸ਼ੁਰੂਆਤ ਦਿਵਾਈ। ਉਹ ਸਾਡੇ ਇਸ ਸਮੇਂ ਸਰਵਸ੍ਰੇਸ਼ਠ ਸਲਾਮੀ ਬੱਲੇਬਾਜ਼ ਹਨ। ਪਰੇਰਾ ਨੇ ਕਿਹਾ, ਕੁਲ ਮਿਲਾ ਕੇ, ਸਾਡੇ ਲਈ ਸਾਰਾ ਕੁਝ ਵਧੀਆ ਰਿਹਾ।”