ਨਵੀਂ ਦਿੱਲੀ, 10 ਜਨਵਰੀ
ਭਾਰਤੀ ਹਰਫ਼ਨਮੌਲਾ ਯੂਸਫ ਪਠਾਨ  ਦੇ ਡੋਪ ਟੈਸਟ ਵਿੱਚ ਨਾਕਾਮ ਰਹਿਣ ਕਾਰਨ ਅੱਜ  ਉਸ ਉੱਤੇ ਪੰਜ ਮਹੀਨੇ ਦੀ ਪਾਬੰਦੀ ਲਾਈ ਗਈ ਅਤੇ ਇਹ ਪਾਬੰਦੀ 15 ਅਗਸਤ ਤੋਂ ਲਾਗੂ ਮੰਨੀ ਗਈ ਹੈ ਤੇ 14 ਜਨਵਰੀ ਨੂੰ ਖਤਮ ਹੋ ਜਾਵੇਗੀ। ਇਸ ਤਰ੍ਹਾਂ ਇਹ ਕਾਰਵਾਈ ਇੱਕ ਰਸਮ ਬਣ ਕੇ ਹੀ ਰਹਿ ਗਈ ਹੈ।
ਭਾਰਤੀ ਕਿ੍ਕਟ ਬੋਰਡ ਨੇ ਉਨ੍ਹਾਂ ਦੀ ਇਹ ਦਲੀਲ ਮੰਨ ਲਈ ਕਿ ਉਸ ਨੇ ਅਣਜਾਣੇ ਵਿੱਚ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਕੀਤੀ ਹੈ। ਭਾਰਤੀ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਸਫ ਪਠਾਨ ਉੱਤੇ ਡੋਪਿੰਗ ਉਲੰਘਣਾ ਦੇ ਦੋਸ਼ ਵਿੱਚ ਪਾਬੰਦੀ ਲਾਈ ਗਈ। ਉਸ ਨੇ ਅਣਜਾਣੇ ਵਿੱਚ ਇੱਕ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਕੀਤੀ ਜੋ ਆਮ ਤੌਰ ਉੱਤੇ ਸਰਦੀ ਵਿੱਚ ਖੰਘ ਰੋਕਣ ਲਈ ਪੀਣ ਵਾਲੀ ਦਵਾਈ ਵਿੱਚ ਪਾਈ ਜਾਂਦੀ ਹੈ। ਬੋਰਡ ਨੇ ਇਸ ਗੱਲ ਨੂੰ ਮੰਨ ਲਿਆ ਕਿ ਉਸਨੂੰ ਇਹ ਦਵਾਈ ਗਲਤੀ ਨਾਲ ਦੇ ਦਿੱਤੀ ਗਈ। ਪਾਠਾਨ ਨੇ ਪਿਛਲੇ ਸਾਲ 16 ਮਾਰਚ ਨੂੰ ਬੜੌਦਾ ਅਤੇ ਤਾਮਿਲਨਾਡੂ ਦੇ ਵਿਚਕਾਰ ਇੱਕ ਘਰੇਲੂ ਟਵੰਟੀ-20 ਮੈਚ ਤੋਂ ਬਾਅਦ ਬੋਰਡ ਦੇ ਡੋਪਿੰਗ ਰੋਕੂ ਟੈਸਟ ਪ੍ਰੋਗਰਾਮ ਦੌਰਾਨ ਪੇਸ਼ਾਬ ਦਾ ਨਮੂਨਾ ਦਿੱਤਾ ਸੀ। ਬੋਰਡ ਅਨੁਸਾਰ ਨਮੂਨੇ ਦੀ ਜਾਂਚ ਵਿੱਚ ਟਰਬੁਟੇਲਾਈਨ ਦੇ ਅੰਸ਼ ਮਿਲੇ। ਇਹ ਵਾਡਾ ਦੇ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ਵਿੱਚ ਆਉਂਦਾ ਹੈ। ਪਾਠਾਨ ਨੇ ਕਿਹਾ ਕਿ ਉਸ ਨੂੰ ਯਕੀਨ ਸੀ ਕਿ ਜਾਣਬੁੱਝ ਕੇ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਦਾ ਦੋਸ਼ ਉਸ ਉੱਤੇ ਨਹੀ ਲੱਗੇਗਾ ਪਰ ਉਸ ਨੇ ਭਵਿੱਖ ਵਿੱਚ ਹੋਰ ਸਾਵਧਾਨ ਰਹਿਣ ਦੀ ਗੱਲ ਕਹੀ। ਉਸ ਨੇ ਕਿਹਾ ਕਿ ਬੜੌਦਾ ਅਤੇ ਭਾਰਤ ਲਈ ਖੇਡਣਾ ਉਸ ਦੇ ਲਈ ਮਾਣ ਵਾਲੀ ਗੱਲ ਹੈ। ਉਹ ਅਜਿਹਾ ਕੋਈ ਕੰਮ ਨਹੀ ਕਰੇਗਾ ਕਿ ਆਪਣੀ ਮਾਤ ਭੂਮੀ ਜਾਂ ਬੜੌਦਾ ਦਾ ਨਾਂ ਖਰਾਬ ਹੋਵੇ।  ਉਹ ਭਾਰਤੀ ਕਿ੍ਕਟ ਬੋਰਡ ਤੋਂ ਪਾਬੰਦੀਸ਼ੁਦਾ ਦਵਾਈਆਂ ਬਾਰੇ ਹੋਰ ਜਾਣਕਾਰੀ ਹਾਸਲ ਕਰੇਗਾ।
ਬੋਰਡ ਨੇ ਇਸ ਗੱਲ ਨੂੰ ਮੰਨਿਆ ਕਿ ਯੂਸਫ ਪਾਠਾਨ ਨੇ ਇਹ ਦਵਾਈ ਤਾਕਤ ਵਧਾਉਣ ਲਈ ਨਹੀ ਲਈ ਸੀ। ਬੋਰਡ ਨੇ ਉਸਨੂੰ ਪਿਛਲੇ ਸਾਲ 28 ਅਕਤੂਬਰ ਨੂੰ ਆਰਜ਼ੀ ਤੌਰ ਉੱਤੇ ਮੁਅੱਤਲ ਕੀਤਾ ਸੀ। ਇਹ ਮੁਅੱਤਲੀ 15 ਅਗਸਤ ਤੋਂ ਲਾਗੂ ਮੰਨੀ ਗਈ ਹੈ ਤੇ ਇਸ ਦੀ ਮਿਆਦ 14 ਜਨਵਰੀ ਤੱਕ ਰਹੇਗੀ।