ਓਡੇਂਸੇ,
ਐਚ.ਐਸ. ਪ੍ਰਣਯ ਨੇ ਤਿੰਨ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਲੀ ਚੌਂਗ ਵੇਈ ’ਤੇ ਲਗਾਤਾਰ ਦੂਜੀ ਜਿੱਤ ਦਰਜ ਕਰ ਕੇ ਡੈਨਮਾਰਕ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਿਸ ਵਿੱਚ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਨੇ ਵੀ ਆਸਾਨੀ ਨਾਲ ਪ੍ਰਵੇਸ਼ ਕੀਤਾ। ਚਾਰ ਮਹੀਨੇ ਪਹਿਲਾਂ ਪ੍ਰਣਯ ਨੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਵਿੱਚ ਚੌਂਗ ਵੇਈ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ ਅਤੇ ਉਸ ਨੇ ਕੱਲ੍ਹ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਨੂੰ ਇਕ ਘੰਟ ਤਿੰਨ ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-17, 11-21, 21-19 ਨਾਲ ਹਰਾ ਦਿੱਤਾ। ਉਸ ਨੇ ਮੈਚ ਜਿੱਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅੱਜ ਉਸ ਨੂੰ ਦੁਬਾਰਾ ਹਰ ਕੇ ਖੁਸ਼ ਹੈ।
ਇਸ ਉਮਰ ਵਿੱਚ ਵੀ ਉਹ ਸਰਵੋਤਮ ਖਿਡਾਰੀਆਂ ਵਿੱਚੋਂ ਇਕ ਹੈ ਜੋ ਕਿਸੇ ਵੀ ਹਾਲਾਤ ਵਿੱਚ ਖੇਡ ਸਕਦਾ ਹੈ। ਉਹ ਅੱਗੇ ਬਾਰੇ ਜ਼ਿਆਦਾ ਨਹੀਂ ਸੋਚ ਰਿਹਾ ਹੈ ਕਿਉਂਕਿ ਉਸ ਨੇ ਪਹਿਲਾਂ ਵੀ ਅਜਿਹਾ ਕੀਤਾ ਹੈ ਪਰ ਉਹ ਖ਼ਿਤਾਬ ਨਹੀਂ ਜਿੱਤ ਸਕਿਆ ਸੀ, ਇਸ ਵਾਸਤੇ ਉਹ ਸਿਰਫ ਅਗਲੇ ਮੈਚ ਬਾਰੇ ਸੋਚ ਰਿਹਾ ਹੈ।
ਦੁਨੀਆਂ ਦੇ ਅੱਠਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਕੋਰੀਆ ਦੇ ਜਿਓਨ ਹਿਓਕ ਜਿਨ ਨੂੰ 21-13, 8-21, 21-18 ਨਾਲ ਹਰਾਇਆ ਜਦੋਂਕਿ ਸਾਇਨਾ ਨੇ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ’ਚ ਥਾਈਲੈਂਡ ਦੀ ਨਿਚਾਓਨ ਜਿੰਡਾਪੋਲ ਨੂੰ 22-20, 21-13 ਨਾਲ ਹਰਾਇਆ।
ਇੰਗਲੈਂਡ ਦੇ ਰਾਜੀਵ ਔਸੈਫ, ਹਾਂਗਕਾਂਗ ਦੇ ਵੌਂਗ ਵਿੰਗ ਕੀ ਵਿਨਸੈਂਟ, ਕੋਰੀਆ ਦੇ ਲੀ ਹੁਨ, ਤਾਇਵਾਨ ਦੇ ਚੋਊ ਟਿਏਨ ਚੇਨ ਨੇ ਵੀ ਕੁਆਰਟਰ ਫਾਈਨਲ ਵਿੱਚ ਜਗ੍ਹਾ ਯਕੀਨੀ ਬਣਾ ਲਈ ਹੈ। ਮਹਿਲਾ ਸਿੰਗਲਜ਼ ਵਿੱਚ ਸਿਖ਼ਰਲਾ ਦਰਜਾ ਅਤੇ ਦੁਨੀਆਂ ਦੀ ਨੰਬਰ ਇਕ ਤਾਈ ਜ਼ੂ ਯਿੰਗ, ਕੋਰੀਆ ਦੀ ਸੁੰਗ ਜ਼ੀ ਹੁਨ ਅਤੇ ਕਿਮ ਹਯੋਨ ਮਿਨ, ਜਾਪਾਨ ਦੀ ਸਾਯਾਕਾ ਸਾਤੋ, ਚੀਨ ਦੀ ਚੇਨ ਯੂਫੇਈ ਅਤੇ ਥਾਈਲੈਂਡ ਦੀ ਰਤਨਾਚੋਕ ਇੰਤਾਨੋਨ ਨੇ ਵੀ ਆਖ਼ਰੀ ਅੱਠ ਵਿੱਚ ਪ੍ਰਵੇਸ਼ ਕਰ ਲਿਆ ਹੈ। ਉੱਥੇ ਹੀ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਗ਼ਮਾ ਜੇਤੂ ਸ਼ਟਲਰ ਪੀਵੀ ਸਿੰਧੂ ਸ਼ੁਰੂਆਤ ਗੇੜ ਵਿੱਚ ਚੀਨ ਦੀ ਚੇਨ ਯੂਫੇਈ ਤੋਂ ਸਿੱਧੇ ਗੇਮ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸਿੰਧੂ ਮਹਿਲਾ ਸਿੰਗਲਜ਼ ਦੇ ਮੁਕਾਬਲੇ ਵਿੱਚ ਦੁਨੀਆਂ ਦੀ 10ਵੇਂ ਨੰਬਰ ਦੀ ਚੇਨ ਤੋਂ 43 ਮਿੰਟਾਂ ਵਿੱਚ 17-21, 21-23 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਹ ਸਿਖ਼ਰਲੇ ਟੂਰਨਾਮੈਂਟ ਤੋਂ ਲਗਾਤਾਰ ਦੂਜੀ ਵਾਰ ਬਾਹਰ ਹੋਈ ਹੈ। ਕੋਰੀਆ ਓਪਨ ਖ਼ਿਤਾਬ ਜਿੱਤਣ ਤੋਂ ਬਾਅਦ ਉਹ ਪਿਛਲੇ ਮਹੀਨੇ ਜਾਪਾਨ ਓਪਨ ਦੇ ਦੂਜੇ ਗੇੜ ਵਿੱਚ ਹਾਰ ਗਈ ਸੀ।