ਸੈਂਚੁਰੀਅਨ, 21 ਫਰਵਰੀ

ਭਾਰਤੀ ਮਹਿਲਾ ਟੀਮ ਪਿਛਲੀਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਦੱਖਣੀ ਅਫਰੀਕਾ ਖ਼ਿਲਾਫ਼ ਬੁੱਧਵਾਰ ਤੋਂ ਇੱਥੇ ਹੋਣ ਵਾਲੇ ਚੌਥੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ ਵਿੱਚ ਲੀਡ ਬਣਾਉਣ ਦਾ ਯਤਨ ਕਰੇਗੀ। ਪਹਿਲੇ ਦੋ ਟੀ-20 ਮੈਚਾਂ ਵਿੱਚ ਕ੍ਰਮਵਾਰ ਸੱਤ ਅਤੇ ਨੌਂ ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਜੋਹਾਨੈੱਸਬਰਗ ਵਿੱਚ ਤੀਜੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਵਾਪਸੀ ਦਾ ਮੌਕਾ ਦੇ ਦਿੱਤਾ ਸੀ। ਦੱਖਣੀ ਅਫਰੀਕਾ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤ ਕੇ ਲੜੀ ਵਿੱਚ ਵਾਪਸੀ ਦੀ ਉਮੀਦ ਬਣਾਈ ਹੋਈ ਹੈ। ਇੱਕ ਰੋਜ਼ਾ ਲੜੀ ਵਿੱਚ 2-1 ਮੈਚਾਂ ਨਾਲ ਅੱਗੇ ਚੱਲ ਰਹੀ ਭਾਰਤੀ ਟੀਮ ਹੁਣ ਕਿਸੇ ਤਰ੍ਹਾਂ ਢਿੱਲ ਨਹੀਂ ਵਰਤੇਗੀ ਅਤੇ ਉਸਦਾ ਟੀਚਾ ਹੁਣ ਟੀ-20 ਲੜੀ ’ਤੇ ਕਬਜ਼ਾ ਕਰਨਾ ਹੋਵੇਗਾ। ਭਾਰਤ ਜੇਕਰ ਇਹ ਮੈਚ ਜਿੱਤ ਲੈਂਦਾ ਤਾਂ ਉਹ ਦੱਖਣੀ ਅਫਰੀਕਾ ਵਿੱਚ ਇੱਕ ਦੌਰੇ ਵਿੱਚ ਦੋ ਲੜੀਆਂ ਜਿੱਤਣ ਵਾਲੀ ਪਹਿਲੀ ਟੀਮ ਵੀ ਬਣ ਜਾਵੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਲਈ ਹਾਲਾਂਕਿ ਇਹ ਆਸਾਨ ਨਹੀਂ ਹੋਵੇਗਾ।  ਪਹਿਲੇ ਦੋ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਤੀਜੇ ਮੈਚ ਵਿੱਚ ਭਾਰਤ ਨੇ ਚੰਗੀ ਖੇਡ ਨਹੀਂ ਖੇਡੀ, ਜਿਸ ਕਾਰਨ ਮੇਜ਼ਬਾਨ ਟੀਮ ਨੂੰ ਲੜੀ ਵਿੱਚ ਵਾਪਸੀ ਦਾ ਮੌਕਾ ਮਿਲ ਗਿਆ। ਪਿਛਲੇ ਮੈਚ ਦੌਰਾਨ ਭਾਰਤੀ ਮੱਧ ਕ੍ਰਮ ਲੜਖੜਾ ਗਿਆ ਅਤੇ ਉਸ ਦੀ ਟੀਮ 17.5 ਓਵਰਾਂ ਵਿੱਚ 133 ਦੌੜਾਂ ’ਤੇ ਆਊਟ ਹੋ ਗਈ ਸੀ। ਇਸ ਮੈਚ ਦੌਰਾਨ ਸਮ੍ਰਿਤੀ ਮੰਧਾਨਾ ਦਾ ਵਧੀਆ ਪ੍ਰਦਰਸ਼ਨ ਰਿਹਾ, ਪਰ ਮਿਤਾਲੀ ਰਾਜ ਖਾਤਾ ਨਹੀਂ ਖੋਲ੍ਹ ਸਕੀ ਸੀ। ਇਸ ਵਾਰ ਉਸ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ ।