ਪਿਓਂਗਯਾਂਗ, ਸਨੋਬੋਰਡਰ ਰੈੱਡਮੰਡ ਜੇਰਾਰਡ ਨੇ ਅੱਜ ਇੱਥੇ ਪਿਓਂਗਯਾਂਗ ਸਰਦ ਰੁੱਤ ਓਲੰਪਿਕ ਵਿੱਚ ਅਮਰੀਕਾ ਦੀ ਝੋਲੀ ਪਹਿਲਾ ਸੋਨ ਤਗ਼ਮਾ ਪਾਇਆ। 17 ਸਾਲਾ ਅਥਲੀਟ ਨੇ ਸਲੋਪਸਟਾਈਲ ਵਿੱਚ ਆਖ਼ਰੀ ਯਤਨ ਨਾਲ 87.16 ਅੰਕ ਲੈਂਦਿਆਂ ਸਨੋਬੋਰਡ ਲੈਂਡ ਕਰਕੇ ਪਹਿਲਾ ਸਥਾਨ ਦਿਵਾਇਆ। ਇਸ ਤਰ੍ਹਾਂ ਉਨ੍ਹਾਂ ਨੇ ਕੈਨੇਡਾ ਦੇ ਮੈਕਸ ਪੈਰਟ ਅਤੇ ਮਾਰਕ ਮੈਕਮੋਰਿਸ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਆਪਣੀ ਝੋਲੀ ਵਿੱਚ ਪਾਇਆ। ਮੈਕਮੋਰਿਸ ਨੇ ਚਾਰ ਸਾਲ ਪਹਿਲਾਂ ਸੋਚੀ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ, ਇਸ ਤਰ੍ਹਾਂ ਇਹ ਉਨ੍ਹਾਂ ਦਾ ਦੂਜਾ ਕਾਂਸੇ ਦਾ ਤਗ਼ਮਾ ਰਿਹਾ।ਪਿਛਲੇ ਸਾਲ ਸਨੋਬੋਰਡਿੰਗ ਹਾਦਸੇ ਵਿੱਚ ਜੇਰਾਰਡ ਦੀਆਂ 17 ਹੱਡੀਆਂ ਟੁੱਟ ਗਈਆਂ ਸਨ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਿਆ ਸੀ। ਮੌਤ ਨੂੰ ਹਰਾ ਕੇ ਉਨ੍ਹਾਂ ਨੇ ਖੇਡ ਵਿੱਚ ਸ਼ਾਨਦਾਰ ਵਾਪਸੀ ਕੀਤੀ।