ਬੰਗਲੌਰ — ਕੰਨੜ ਜਰਨਲਿਸਟ ਗੌਰੀ ਲੰਕੇਸ਼ ਦੇ ਕਤਲ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਅਭਿਨੇਤਾ ਪ੍ਰਕਾਸ਼ ਰਾਜ ਨੇ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ। ਇਕ ਪ੍ਰੋਗਰਾਮ ‘ਚ ਐਤਵਾਰ ਨੂੰ ਅਭਿਨੇਤਾ ਨੇ ਕਿਹਾ, ‘ਪੀ. ਐੱਮ. ਦੇ ਫਾਲੋਅਰਜ਼ ਸੋਸ਼ਲ ਮੀਡੀਆ ‘ਤੇ ਜਰਨਲਿਸਟ ਦੇ ਕਤਲ ‘ਤੇ ਜਸ਼ਨ ਮਨਾ ਰਹੇ ਹਨ। ਇਸ ‘ਤੇ ਮੋਦੀ ਨੇ ਚੁੱਪੀ ਵੱਟੀ ਹੈ, ਕੀ ਉਹ ਇਕ ਐਕਟਰ ਦੀ ਤਰ੍ਹਾਂ ਉਨ੍ਹਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮੇਰੇ ਤੋਂ ਵੀ ਵੱਡੇ ਐਕਟਰ ਹਨ। ਜੇਕਰ ਉਨ੍ਹਾਂ ਨੇ ਚੁੱਪੀ ਨਹੀਂ ਤੋੜੀ ਤਾਂ ਮੈਂ ਐਵਾਰਡ ਵਾਪਸ ਕਰ ਦੇਵਾਂਗਾ।’ ਦੱਸਣਯੋਗ ਹੈ ਕਿ 5 ਸਤੰਬਰ ਦੀ ਰਾਤ ਗੌਰੀ ਦੀ ਬੰਗਲੌਰ ‘ਚ ਉਨ੍ਹਾਂ ਦੇ ਘਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪ੍ਰਕਾਸ਼ ਰਾਜ ਨੇ ਡੈਮੋਕ੍ਰੇਟਿਕ ਯੂਥ ਫੈੱਡਰੇਸ਼ਨ ਦੇ ਪ੍ਰੋਗਰਾਮ ‘ਚ ਕਿਹਾ, ‘ਜਿਨ੍ਹਾਂ ਲੋਕਾਂ ਨੇ ਗੌਰੀ ਲੰਕੇਸ਼ ਦੀ ਹੱਤਿਆ ਕੀਤੀ ਉਹ ਫੜੇ ਗਏ ਜਾਂ ਨਹੀਂ, ਇਹ ਅਲੱਗ ਮੁੱਦਾ ਹੈ ਪਰ ਦੇਸ਼ ‘ਚ ਹਜ਼ਾਰਾਂ ਲੋਕ ਅਜਿਹੇ ਵੀ ਹਨ, ਜੋ ਸੋਸ਼ਲ ਮੀਡੀਆ ‘ਤੇ ਇਸ ਦਾ ਜਸ਼ਨ ਮਨਾ ਰਹੇ ਹਨ। ਅਸੀਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਇਹ ਕੌਣ ਲੋਕ ਹਨ ਤੇ ਕੀ ਇਨ੍ਹਾਂ ਦੀ ਵਿਚਾਰਧਾਰਾ ਰਹੀ ਹੈ? ਮੌਤ ਦੀ ਖੁਸ਼ੀ ਮਨਾਉਣ ਵਾਲਿਆਂ ‘ਚ ਕੁਝ ਅਜਿਹੇ ਵੀ ਹਨ, ਜਿਨ੍ਹਾਂ ਨੂੰ ਹੋਰ ਕੋਈ ਨਹੀਂ, ਸਾਡੇ ਪੀ. ਐੱਮ. ਮੋਦੀ ਫਾਲੋਅ ਕਰਦੇ ਹਨ। ਇਹੀ ਗੱਲ ਅੱਜ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਸਾਡਾ ਦੇਸ਼ ਕਿਸ ਪਾਸੇ ਵੱਧ ਰਿਹਾ ਹੈ?’
ਪ੍ਰਕਾਸ਼ ਰਾਜ ਨੇ ਅੱਗੇ ਕਿਹਾ, ‘ਪ੍ਰਧਾਨ ਮੰਤਰੀ ਆਪਣੇ ਫਾਲੋਅਰਜ਼ ਦੀ ਪ੍ਰਤੀਕਿਰਿਆ ‘ਤੇ ਚੁੱਪ ਹਨ। ਇਸ ਨਾਲ ਕੀ ਸਾਬਿਤ ਕਰਨਾ ਚਾਹੁੰਦੇ ਹਨ। ਕੀ ਉਹ ਮੇਰੇ ਤੋਂ ਵੱਡੇ ਐਕਟਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ? ਉਨ੍ਹਾਂ ਦੀ ਖਾਮੋਸ਼ੀ ਮੈਨੂੰ ਪ੍ਰੇਸ਼ਾਨ ਕਰਦੀ ਹੈ। ਕੀ ਉਹ ਆਪਣੇ ਫਾਲੋਅਰਜ਼ ਦੇ ਜ਼ੁਲਮਾਂ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ? ਜੇਕਰ ਜ਼ੁਲਮਾਂ ਨੂੰ ਲੈ ਕੇ ਨਰਿੰਦਰ ਮੋਦੀ ਦੀ ਖਾਮੋਸ਼ੀ ਇੰਝ ਹੀ ਬਣੀ ਰਹੀ ਤਾਂ ਮੈਨੂੰ ਆਪਣੇ 5 ਨੈਸ਼ਨਲ ਐਵਾਰਡਸ ਉਨ੍ਹਾਂ ਨੂੰ ਵਾਪਸ ਕਰਨ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।’