ਨਵੀਂ ਦਿੱਲੀ, ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਅੱਠ ਮਹੀਨੇ ਵਿੱਚ ਆਪਣੇ ਪਹਿਲੇ ਟੂਰਨਾਮੈਂਟ ਵਿੱਚ ਖੇਡਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਉਸ ਨੂੰ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤ ਦੀ 20 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਤੌਰੰਗਾ ਅਤੇ ਹੈਮਿਲਟਨ ਵਿੱਚ 17 ਜਨਵਰੀ ਨੂੰ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਮੇਜ਼ਬਾਨ ਨਿਊਜ਼ੀਲੈਂਡ, ਭਾਰਤ ਜਾਪਾਨ ਅਤੇ ਆਸਟਰੇਲੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤੀ ਟੀਮ ਦੀ ਅਗਵਾਈ 25 ਸਾਲਾ ਮਡਫੀਲਡਰ ਮਨਪ੍ਰੀਤ ਸਿੰਘ ਕਰਨਗੇ ਅਤੇ ਚਿੰਗਲੇਨਸਾਨਾ ਸਿੰਘ ਕਾਂਗੂਜ਼ਾਮ ਉਪ ਕਪਤਾਨ ਹੋਣਗੇ। ਗੋਡੇ ਦੀ ਸੱਟ ਦੇ ਕਾਰਨ ਸ੍ਰੀਜੇਸ਼ 2017 ਵਿੱਚ ਕੁੱਝ ਅਹਿਮ ਟੂਰਨਾਮੈਂਟਾਂ ਵਿੱਚ ਹਿੱਸਾ ਨਹੀ ਲੈ ਸਕਿਆ ਸੀ। ਨੌਜਵਾਨ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਵੀ ਟੀਮ ਵਿੱਚ ਥਾਂ ਮਿਲੀ ਹੈ। ਫਾਰਵਰਡ ਦਿਲਪ੍ਰੀਤ ਸਿੰਘ ਅਤੇ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਡਿਫੈਂਸ ਵਿੱਚ ਰੁਪਿੰਦਰ ਪਾਲ ਸਿੰਘ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਨੂੰ ਥਾਂ ਮਿਲੀ ਹੈ। ਇਹ ਤਿੰਨੋਂ ਡਰੈਗ ਫਲਿਕਰ ਦੀ ਭੁਮਿਕਾ ਵੀ ਨਿਭਾਉਣਗੇ। ਇਸ ਤੋਂ ਇਲਾਵਾ ਵੀਰੇਂਦਰ ਲਾਕੜਾ, ਸੁਰਿੰਦਰ ਕੁਮਾਰ ਅਤੇ ਗੁਰਿੰਦਰ ਸਿੰਘ ਵੀ ਰੱਖਿਆ ਪੰਕਤੀ ਵਿੱਚ ਸ਼ਾਮਲ ਹਨ।