ਟੋਰਾਂਟੋ— ਕੈਨੇਡਾ ਤੋਂ ਅਮਰੀਕਾ ਮਨੁੱਖੀ ਤਸਕਰੀ ਕਰਨ ਦੇ ਮਾਮਲੇ ‘ਚ 70 ਸਾਲ ਦੇ ਇਕ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਨਿਕੋਲਾਏ ਸੁਸਲੋਵ ਨੂੰ ਮਈ ‘ਚ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਸ ਨੇ ਸੱਤ ਜਾਣਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਲਿਆਉਣ ਦੀ ਯੋਜਨਾ ਸੀ ਤੇ ਨਿਕੋਲਾਏ ਇਕ ਜਾਣੇ ਨੂੰ ਅਮਰੀਕਾ ਲਿਆਉਣ ‘ਚ ਸਫਲ ਵੀ ਰਿਹਾ ਸੀ।
ਅਮਰੀਕੀ ਅਧਿਕਾਰੀਆਂ ਮੁਤਾਬਕ ਨਿਕੋਲਾਏ ਕਈ ਵਾਰ ਨਾਂ ਬਦਲ ਕੇ ਰੂਸ ਤੋਂ ਟੋਰਾਂਟੋ ਜਾਂ ਮੌਂਟਰੀਅਲ ਦਾ ਗੇੜਾ ਲਾ ਚੁੱਕਾ ਸੀ। ਇਕ ਵਾਰ ਉਸ ਨੂੰ ਅਮਰੀਕਾ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਪਰ ਉਹ ਕਿਸੇ ਤਰੀਕੇ ਨਿਊਯਾਰਕ ‘ਚ ਦਾਖਲ ਹੋ ਗਿਆ ਤੇ ਅਮਰੀਕੀ ਦਸਤਾਵੇਜ਼ ਪ੍ਰਾਪਤ ਕਰ ਲਏ। 2004 ‘ਚ ਸਰਕਾਰ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਸੀ ਪਰ ਉਹ ਨਾ ਰੁਕਿਆ ਤੇ 2015 ‘ਚ ਕੈਨੇਡਾ ਦੀ ਸਰਕਾਰ ਨੇ ਵੀ ਉਸ ਨੂੰ ਡਿਪੋਰਟ ਕਰ ਦਿੱਤਾ। ਨਿਕੋਲਾਏ ਦੀ ਸਜ਼ਾ 2016 ਦੀ ਇਕ ਘਟਨਾ ਨਾਲ ਸਬੰਧਿਤ ਹੈ, ਜਦੋਂ ਉਸ ਨੂੰ ਚੈਂਪਲੇਨ ਕ੍ਰਾਸਿੰਗ ਤੋਂ ਪੰਜ ਕਿਲੋਮੀਟਰ ਪੱਛਮ ਵੱਲ ਕਾਬੂ ਕੀਤਾ ਗਿਆ ਸੀ। ਅਮਰੀਕੀ ਏਜੰਟਾਂ ਨੇ ਨਿਕੋਲਾਏ ਦੇ ਨਾਲ ਜਾਰਜੀਆ ਦੇ ਵਸਨੀਕ ਟਿਓਨਾ ਜੈਨਸ਼ਵਿਲੀ ਨੂੰ ਵੀ ਰੋਕਿਆ।
ਜਾਂਚ ਰਾਹੀਂ ਪਤਾ ਲੱਗਿਆ ਕਿ ਨਿਕੋਲਾਏ, ਜਿਸ ਕੋਲ ਕੰਪਸ ਵੀ ਸੀ ਨੇ ਜੈਨਵਿਸ਼ਲੀ ਨੂੰ ਸਰਹੱਦ ਪਾਰ ਕਰਨ ਦੇ ਤਰੀਕੇ ਵੀ ਦੱਸੇ ਸਨ। ਨਿਕੋਲਾਏ ਨੇ ਫੜੇ ਜਾਣ ਪਿੱਛੋਂ ਦਲੀਲ ਦਿੱਤੀ ਕਿ ਖਰਾਬ ਸਿਹਤ ਹੋਣ ਕਾਰਨ ਜੈਨਵਿਸ਼ਲੀ ਨੂੰ ਆਪਣੇ ਨਾਲ ਲਿਆਇਆ ਸੀ। ਨਿਕੋਲਾਏ ਨੇ ਵਾਅਦਾ ਕੀਤਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਕਦੇ ਅਮਰੀਕਾ ਵਾਪਸ ਨਹੀਂ ਆਵੇਗਾ। ਸਰਕਾਰੀ ਵਕੀਲ ਨੇ ਉਸ ‘ਤੇ ਚਾਰ ਸਾਲ ਦੀ ਸਜ਼ਾ ਤੇ 1.5 ਲੱਖ ਡਾਲਰ ਦਾ ਜੁਰਮਾਨਾ ਕਰਨ ਦੀ ਮੰਗ ਕੀਤੀ ਸੀ।